ਮੁਕੇਸ਼ ਕੁਮਾਰ
ਚੰਡੀਗੜ੍ਹ, 21 ਅਕਤੂਬਰ
ਚੰਡੀਗੜ੍ਹ ਨਗਰ ਨਿਗਮ ਵੱਲੋਂ ਕੇਂਦਰ ਸਰਕਾਰ ਵੱਲੋਂ ਸ਼ੁਰੂ ਕੀਤੀ ਗਈ ‘ਪ੍ਰਧਾਨ ਮੰਤਰੀ ਸਵਾਨਿਧੀ’ ਯੋਜਨਾ ਸਬੰਧੀ ਸ਼ਹਿਰ ਦੇ ਸਟਰੀਟ ਵੈਂਡਰਾਂ ਨੂੰ ਜਾਗਰੂਕ ਕੀਤਾ ਜਾਵੇਗਾ। ਇਸ ਯੋਜਨਾ ਤਹਿਤ ਸਟਰੀਟ ਵੈਂਡਰਾਂ ਨੂੰ ਆਪਣਾ ਕੰਮਕਾਜ ਤੋਰਨ ਲਈ ਸਰਕਾਰ ਵੱਲੋਂ ਦਸ ਹਜ਼ਾਰ ਰੁਪਏ ਦਾ ਕਰਜ਼ ਮੁਹੱਈਆ ਕਰਵਾਇਆ ਜਾ ਰਿਹਾ ਹੈ। ਨਗਰ ਨਿਗਮ ਦੇ ਕਮਿਸ਼ਨਰ ਕਮਲ ਕਿਸ਼ੋਰ ਯਾਦਵ ਨੇ ਅੱਜ ਪ੍ਰਧਾਨ ਮੰਤਰੀ ਸਵਾਨਿਧਿ ਯੋਜਨਾ ਸਬੰਧੀ ਇੱਕ ਸਮੀਖਿਆ ਮੀਟਿੰਗ ਕੀਤੀ। ਮੀਟਿੰਗ ਦੌਰਾਨ ਹਾਜ਼ਰ ਨਗਰ ਨਿਗਮ ਦੇ ਸਬੰਧਤ ਅਫਸਰਾਂ ਨੂੰ ਨਿਰਦੇਸ਼ ਦਿੱਤੇ ਕਿ ਉਹ ਵੈਂਡਰ ਐਕਟ ਅਧੀਨ ਚਾਰ ਸ਼੍ਰੇਣੀਆਂ ਤਹਿਤ ਰਜਿਸਟਰਡ ਵੈਂਡਰਾਂ ਨੂੰ ਇਸ ਮਹੱਤਵਪੂਰਨ ਯੋਜਨਾ ਸਬੰਧੀ ਜਾਗਰੂਕ ਕਰਨ। ਕਮਿਸ਼ਨਰ ਯਾਦਵ ਨੇ ਨਿਗਮ ਦੇ ਸਬੰਧਤ ਵਿਭਾਗ ਵਲੋਂ ਇਸ ਯੋਜਨਾ ਸਬੰਧੀ ਕੀਤੇ ਗਏ ਕੰਮਾਂ ਅਤੇ ਵੈਂਡਰਾਂ ਦੀ ਲਾਮਬੰਦੀ ਦਾ ਜਾਇਜ਼ਾ ਲਿਆ ਅਤੇ ਇਸ ਸਬੰਧੀ ਕੀਤੇ ਜਾ ਰਹੇ ਕਾਰਜਾਂ ਨੂੰ ਪੂਰਾ ਕਰਨ ਦੌਰਾਨ ਦਰਪੇਸ਼ ਸਮੱਸਿਆਂਵਾਂ ਅਤੇ ਹੋਰ ਮੁੱਦਿਆਂ ਬਾਰੇ ਵਿਚਾਰ ਵਟਾਂਦਰਾ ਕੀਤਾ।