ਜਗਤਾਰ ਲਾਂਬਾ
ਅੰਮ੍ਰਿਤਸਰ, 1 ਫਰਵਰੀ
ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਅੱਜ ਰਾਜ ਭਰ ਵਿੱਚ ਸ਼ੁਰੂ ਕੀਤੇ ਗਏ ‘ਹਰ ਘਰ ਪਾਣੀ ਹਰ ਘਰ ਸਫਾਈ’ ਮਿਸ਼ਨ ਤਹਿਤ ਅੰਮ੍ਰਿਤਸਰ ਜ਼ਿਲ੍ਹੇ ਦੇ ਕਈ ਪਿੰਡਾਂ ਨੂੰ ਨਹਿਰੀ ਜਲ ਸਕੀਮਾਂ ਨਾਲ ਜੋੜਿਆ ਜਾਵੇਗਾ।
ਇਸ ਮਿਸ਼ਨ ਦੀ ਜ਼ਿਲ੍ਹੇ ਵਿੱਚ ਸ਼ੁਰੂਆਤ ਕਰਦਿਆਂ ਡਾਕਟਰੀ ਸਿੱਖਿਆ ਮੰਤਰੀ ਓਪੀ ਸੋਨੀ ਨੇ ਕਿਹਾ ਕਿ ਪੰਜਾਬ ਨੂੰ ਇਸ ਦੀ ਵੱਡੀ ਲੋੜ ਸੀ ਕਿਉਂਕਿ ਇੱਥੇ ਪਾਣੀ ਲਗਾਤਾਰ ਹੇਠਾਂ ਜਾ ਰਿਹਾ ਸੀ ਅਤੇ ਦੂਸ਼ਿਤ ਹੋ ਰਿਹਾ ਸੀ। ਹੁਣ ਨਹਿਰਾਂ ਦਾ ਜੋ ਪਾਣੀ ਸਾਫ ਕਰਕੇ ਪੀਣ ਲਈ ਦਿੱਤਾ ਜਾਣਾ ਹੈ, ਉਸ ਨਾਲ ਸਾਫ-ਸੁਥਰਾ ਪਾਣੀ ਮਿਲੇਗਾ, ਦੂਸਰਾ ਧਰਤੀ ਹੇਠਲਾ ਪਾਣੀ ਬਚੇਗਾ।
ਉਨ੍ਹਾਂ ਦੱਸਿਆ ਕਿ ਅੰਮ੍ਰਿਤਸਰ ਸ਼ਹਿਰ ਨੂੰ ਰਾਵੀ ਦਰਿਆ ਤੋਂ ਪੀਣ ਵਾਲਾ ਸਾਫ ਪਾਣੀ ਦੇਣ ਦੀ ਮੁਹਿੰਮ ਸ਼ੁਰੂ ਕੀਤੀ ਗਈ ਹੈ, ਉਸੇ ਤਰ੍ਹਾਂ ਕਈ ਪਿੰਡਾਂ ਨੂੰ ਨਹਿਰੀ ਜਲ ਸਪਲਾਈ ਸਕੀਮਾਂ ਨਾਲ ਜੋੜਿਆ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਅੰਮ੍ਰਿਤਸਰ, ਗੁਰਦਾਸਪੁਰ, ਤਰਨ ਤਾਰਨ, ਪਟਿਆਲਾ ਤੇ ਫਤਿਹਗੜ੍ਹ ਸਾਹਿਬ ਜ਼ਿਲ੍ਹਿਆਂ ਵਿੱਚ 728 ਕਰੋੜ ਰੁਪਏ ਦੀ ਲਾਗਤ ਨਾਲ 705 ਪਿੰਡਾਂ ਲਈ ਅੱਜ 8 ਮੈਗਾ ਨਹਿਰੀ ਜਲ ਯੋਜਨਾਵਾਂ ਦਾ ਨੀਂਹ ਪੱਥਰ ਰੱਖਿਆ ਗਿਆ ਹੈ।
ਇਸੇ ਤਰ੍ਹਾਂ 92 ਪਿੰਡਾਂ ਲਈ ਕਰੀਬ 40 ਕਰੋੜ ਰੁਪਏ ਦੀ ਲਾਗਤ ਨਾਲ ਜਲ ਸਪਲਾਈ ਸਕੀਮਾਂ, 81 ਪਿੰਡਾਂ ਲਈ ਆਰਸੈਨਿਕ ਕਮ ਆਇਰਨ ਰਿਮੂਵਲ ਪਲਾਂਟ ਅਤੇ 106 ਪਿਡਾਂ ਲਈ ਕਮਿਊਨਟੀ ਆਰ. ਓ ਪਲਾਂਟ ਦੇ ਨੀਂਹ ਪੱਥਰ ਵੀ ਅੱਜ ਰੱਖੇ ਗਏ ਹਨ।
ਹੁਸ਼ਿਆਰਪੁਰ (ਹਰਪ੍ਰੀਤ ਕੌਰ): ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਅੱਜ ਜ਼ਿਲ੍ਹੇ ਵਿੱਚ 325.60 ਲੱਖ ਰੁਪਏ ਦੀ ਲਾਗਤ ਨਾਲ 11 ਜਲ ਸਪਲਾਈ ਯੋਜਨਾਵਾਂ ਉਦਘਾਟਨ ਕੀਤਾ ਗਿਆ। ਇਸ ਨਾਲ ਜ਼ਿਲ੍ਹੇ ਦੇ 17056 ਲੋਕਾਂ ਨੂੰ ਸਾਫ਼ ਸੁਥਰਾ ਪਾਣੀ ਉਪਲਬੱਧ ਹੋਵੇਗਾ। ਕੈਬਨਿਟ ਮੰਤਰੀ ਅਰੋੜਾ ਨੇ ਦੱਸਿਆ ਕਿ ‘ਹਰ ਘਰ ਪਾਣੀ-ਹਰ ਘਰ ਸਫ਼ਾਈ’ ਪ੍ਰਾਜੈਕਟ ਨੂੰ ਜ਼ਿਲ੍ਹੇ ਦੇ 122 ਪਿੰਡਾਂ ਵਿੱਚ ਆਨਲਾਈਨ ਦਿਖਾਇਆ ਗਿਆ ਅਤੇ ਸਥਾਨਕ ਵਿਧਾਇਕਾਂ ਵੱਲੋਂ ਇਸ ਨੂੰ ਆਪਣੇ-ਆਪਣੇ ਵਿਧਾਨ ਸਭਾ ਖੇਤਰਾਂ ਵਿਚ ਇਸ ਪ੍ਰੋਗਰਾਮ ਦਾ ਸੰਚਾਲਨ ਕੀਤਾ ਗਿਆ।
ਬਲਾਚੌਰ (ਸੁਭਾਸ਼ ਜੋਸ਼ੀ): ‘ਹਰ ਘਰ ਪਾਣੀ, ਹਰ ਘਰ ਸਫ਼ਾਈ ਮਿਸ਼ਨ’ ਤਹਿਤ ਹਲਕਾ ਵਿਧਾਇਕ ਚੌਧਰੀ ਦਰਸ਼ਨ ਲਾਲ ਮੰਗੂਪੁਰ ਵੱਲੋਂ ਬਲਾਚੌਰ ਦੇ ਪਿੰਡ ਸੁੱਧਾ ਮਜਾਰਾ ਵਿਖੇ ਜਲ ਸਪਲਾਈ ਸਕੀਮ ਦਾ ਸ਼ੁੱਭ ਆਰੰਭ ਕੀਤਾ ਗਿਆ।