ਬੇਅੰਤ ਸਿੰਘ ਸੰਧੂ
ਪੱਟੀ, 1 ਫ਼ਰਵਰੀ
ਦਿੱਲੀ ਪੁਲੀਸ ਵੱਲੋਂ ਪੱਤਰਕਾਰ ਮਨਦੀਪ ਪੂਨੀਆ ਨੂੰ ਗ੍ਰਿਫ਼ਤਾਰ ਕਰਨ ਦੇ ਵਿਰੋਧ ਵਜੋਂ ਸਥਾਨਕ ਜਨਤਕ ਜਥੇਬੰਦੀਆਂ ਅਤੇ ਪੱਟੀ ਦੇ ਪੱਤਰਕਾਰਾਂ ਵੱਲੋਂ ਮੋਦੀ ਸਰਕਾਰ ਤੇ ਦਿੱਲੀ ਪੁਲੀਸ ਦਾ ਪੁਤਲਾ ਫੂਕਿਆ ਗਿਆ।
ਇਸ ਮੌਕੇ ਜਨਤਕ ਜਥੇਬੰਦੀ ਦੇ ਆਗੂ ਧਰਮ ਸਿੰਘ ਪੱਟੀ, ਮਾਸਟਰ ਹਰਭਜਨ ਸਿੰਘ, ਗੁਰਦੇਵ ਸਿੰਘ ਮਨਿਆਲਾ, ਪੱਤਰਕਾਰ ਅਵਤਾਰ ਸਿੰਘ ਖਹਿਰਾ, ਬਲਦੇਵ ਸਿੰਘ ਸੰਧੂ, ਹਰਜਿੰਦਰ ਸੰਧੂ ਤੇ ਬੇਅੰਤ ਸਿੰਘ ਸੰਧੂ ਆਦਿ ਨੇ ਕਿਹਾ ਕਿ ਜਦੋਂ ਦੇਸ਼ ’ਚ ਵਿਧਾਨਪਾਲਿਕਾ ਤੇ ਕਾਰਜਪਾਲਿਕਾ ਦਾ ਗੱਠਜੋੜ ਦੇਸ਼ ਦੇ ਲੋਕਤੰਤਰ ਨੂੰ ਢਾਹ ਲਾ ਰਿਹਾ ਹੋਵੇ ਤਾਂ ਉਸ ਸਮੇਂ ਮੀਡੀਆ ਲੋਕਤੰਤਰ ਨੂੰ ਬਚਾਉਣ ਦੀ ਜ਼ਿੰਮੇਵਾਰੀ ਨਿਭਾਉਂਦਾ ਹੈ। ਮੋਦੀ ਸਰਕਾਰ ਸੱਚ ਤੇ ਲੋਕਤੰਤਰ ਨੂੰ ਬਚਾਉਣ ਲਈ ਆਵਾਜ਼ ਚੁੱਕਣ ਵਾਲੇ ਮੀਡੀਆ ਦੀ ਆਵਾਜ਼ ਨੂੰ ਦਬਾਉਣ ਲਈ ਪਰਚੇ ਦਰਜ ਕਰਕੇ ਦੇਸ਼ ਦੇ ਲੋਕਾਂ ਦੇ ਬੋਲਣ ਤੇ ਵਿਚਾਰਾਂ ਦੀ ਆਜ਼ਾਦੀ ਵਰਗੇ ਸੰਵਿਧਾਨਕ ਹੱਕਾਂ ਨੂੰ ਕੁਚਲ ਲਈ ਹੈ। ਆਗੂਆਂ ਨੇ ਮਨਦੀਪ ਪੂਨੀਆ ਨੂੰ ਪੁਲੀਸ ਹਿਰਾਸਤ ’ਚੋਂ ਰਿਹਾਅ ਕਰਨ ਸਮੇਤ ਜਨਤਕ ਜਥੇਬੰਦੀਆਂ ਦੇ ਆਗੂਆਂ ’ਤੇ ਦਰਜ ਕੀਤੇ ਕੇਸ ਵਾਪਸ ਲੈਣ ਅਤੇ ਤਿੰਨਾਂ ਖੇਤੀ ਕਾਨੂੰਨ ਰੱਦ ਕਰਨ ਦੀ ਮੰਗ ਕੀਤੀ। ਇਸ ਮੌਕੇ ਸਰਬਜੀਤ ਸਿੰਘ, ਜਗਤਾਰ ਸਿੰਘ ਆਸਲ, ਬਾਜ਼ ਸਿੰਘ ਬਾਹਮਣੀ ਵਾਲਾ, ਜਰਨੈਲ ਸਿੰਘ ਆਈਟੀਆਈ, ਜੋਗਾ ਸਿੰਘ, ਜੰਗ ਸਿੰਘ, ਬਲਵੰਤ ਰਾਏ ਦੇਵੀਦਾਸ, ਸੂਬਾ ਸਿੰਘ, ਮੇਜਰ ਸਿੰਘ ਤੇ ਡਾਕਟਰ ਸ਼ਿਵੰਦਰ ਸਿੰਘ ਲੋਹਕਾ ਆਦਿ ਹਾਜ਼ਰ ਸਨ।