ਹਰਜੀਤ ਸਿੰਘ
ਜ਼ੀਰਕਪੁਰ, 21 ਅਕਤੂਬਰ
ਇਥੋਂ ਦੇ ਢਕੋਲੀ ਖੇਤਰ ਵਿੱਚ ਲੰਘੇ ਦਿਨੀਂ ਕੁਹਾੜੀ ਨਾਲ ਆਪਣੀ ਪਤਨੀ ਦਾ ਕਤਲ ਕਰਨ ਵਾਲੇ ਮੁਲਜ਼ਮ ਅਸ਼ੋਕ ਸੈਣੀ ਨੂੰ ਸਖ਼ਤ ਸਜ਼ਾ ਦਿਵਾਉਣ ਲਈ ਅੱਜ ਔਰਤਾਂ ਨੇ ਰੋਸ ਮੁਜ਼ਾਹਰਾ ਕੀਤਾ। ਇਸ ਦੌਰਾਨ ਅਤੁਲਿਆ ਪ੍ਰਯਾਸ ਚੈਰੀਟੇਬਲ ਸੁਸਾਇਟੀ ਦੇ ਬੈਨਰ ਹੇਠ ਵੱਡੀ ਗਿਣਤੀ ਔਰਤਾਂ ਨੇ ਹੱਥ ਵਿੱਚ ਤਖ਼ਤੀਆਂ ਲੈ ਕੇ ਰੋਸ ਪ੍ਰਦਰਸ਼ਨ ਕੀਤਾ। ਇਸ ਦੌਰਾਨ ਸੁਸਾਇਟੀ ਦੀ ਪ੍ਰਧਾਨ ਰਮਣੀਕ ਸ਼ਰਮਾ ਨੇ ਕਿਹਾ ਕਿ ਇਸ ਘਟਨਾ ਨਾਲ ਢਕੋਲੀ ਸਮੇਤ ਪੂਰੇ ਜ਼ੀਰਕਪੁਰ ਵਿੱਚ ਸਹਿਮ ਦਾ ਮਾਹੌਲ ਹੈ। ਉਨ੍ਹਾਂ ਨੇ ਕਿਹਾ ਕਿ ਜਿਸ ਤਰ੍ਹਾਂ ਔਰਤਾਂ ਖ਼ਿਲਾਫ਼ ਅੱਤਿਆਚਾਰ ਵਧ ਰਿਹਾ ਹੈ, ਉਸ ਕਾਰਨ ਇਸ ਖੇਤਰ ਦੀਆਂ ਔਰਤਾਂ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਉਨ੍ਹਾਂ ਨੇ ਮੰਗ ਕੀਤੀ ਕਿ ਦੋਸ਼ੀ ਖ਼ਿਲਾਫ਼ ਸਖ਼ਤ ਕਾਰਵਾਈ ਕਰਦੇ ਹੋਏ ਫਾਂਸੀ ਦੇਣੀ ਚਾਹੀਦੀ ਹੈ ਤਾਂ ਜੋ ਔਰਤਾਂ ਖ਼ਿਲਾਫ਼ ਮਾੜੀ ਸੋਚ ਰੱਖਣ ਵਾਲੇ ਲੋਕਾਂ ਨੂੰ ਸਬਕ ਮਿਲ ਸਕੇ। ਜ਼ਿਕਰਯੋਗ ਹੈ ਕਿ ਬਸੰਤ ਵਿਹਾਰ ਫੇਜ਼-2 ਕਲੋਨੀ ਵਿੱਚ ਲੰਘੇ ਦਿਨੀਂ ਇਕ ਵਿਅਕਤੀ ਵੱਲੋਂ ਸੁੱਤੀ ਪਈ ਆਪਣੀ ਪਤਨੀ ’ਤੇ ਕੁਹਾੜੀ ਦੇ ਕਈਂ ਵਾਰ ਕਰ ਕੇ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ ਸੀ। ਪੁਲੀਸ ਨੇ ਮੁਲਜ਼ਮ ਪਤੀ ਅਸ਼ੋਕ ਸੈਣੀ ਨੂੰ ਗ੍ਰਿਫ਼ਤਾਰ ਕਰ ਲਿਆ ਹੈ, ਜਿਸਨੇ ਦੱਸਿਆ ਕਿ ਉਸ ਨੂੰ ਆਪਣੀ ਪਤੀ ਦੇ ਚਰਿੱਤਰ ’ਤੇ ਸ਼ੱਕ ਸੀ, ਜਿਸਦੇ ਚਲਦਿਆਂ ਉਸ ਵੱਲੋਂ ਇਹ ਕਦਮ ਚੁੱਕਿਆ ਗਿਆ ਹੈ।