ਟੋਕੀਓ, 4 ਅਗਸਤ
ਆਪਣੀ ਦਲੇਰੀ ਤੇ ਬੁਲੰਦ ਹੌਸਲੇ ਨਾਲ ਇਤਿਹਾਸ ਸਿਰਜਣ ਵਾਲੀ ਭਾਰਤੀ ਮਹਿਲਾ ਹਾਕੀ ਟੀਮ ਦਾ ਓਲੰਪਿਕ ਵਿੱਚ ਪਹਿਲੀ ਵਾਰ ਸੋਨ ਤਗ਼ਮਾ ਜਿੱਤਣ ਦਾ ਸੁਫ਼ਨਾ ਵਿਸ਼ਵ ਦੀ ਦੂਜੇ ਨੰਬਰ ਦੀ ਟੀਮ ਅਰਜਨਟੀਨਾ ਨੇ ਤੋੜ ਦਿੱੱਤਾ ਹੈ। ਭਾਰਤੀ ਟੀਮ ਨੂੰ ਅੱਜ ਦੂਜੇ ਸੈਮੀ ਫਾਈਨਲ ਵਿੱਚ 2-1 ਦੀ ਸ਼ਿਕਸਤ ਝੱਲਣੀ ਪਈ। ਇਸ ਹਾਰ ਨਾਲ ਭਾਰਤੀ ਖਿਡਾਰੀਆਂ ਦੇ ਦਿਲ ਜ਼ਰੂਰ ਟੁੱਟੇ ਹੋਣਗੇ, ਪਰ ਉਨ੍ਹਾਂ ਦੇ ਸਿਰ ਫ਼ਖ਼ਰ ਨਾਲ ਉੱਚੇ ਜ਼ਰੂਰ ਹੋਏ ਹੋਣਗੇ ਕਿਉਂਕਿ ਓਲੰਪਿਕ ਵਿੱਚ ਜਾਣ ਤੋਂ ਪਹਿਲਾਂ ਕਿਸੇ ਨੇ ਵੀ ਉਨ੍ਹਾਂ ਦੇ ਸੈਮੀ ਫਾਈਨਲ ਤੱਕ ਪੁੱਜਣ ਬਾਰੇ ਨਹੀਂ ਸੋਚਿਆ ਸੀ। ਭਾਰਤ ਕੋਲ ਅਜੇ ਵੀ ਕਾਂਸੀ ਦਾ ਤਗ਼ਮਾ ਜਿੱਤਣ ਦਾ ਮੌਕਾ ਹੈ। ਟੀਮ ਹੁਣ ਸ਼ੁੱਕਰਵਾਰ ਨੂੰ ਤੀਜੇ ਤੇ ਚੌਥੇ ਸਥਾਨ ਦੇ ਮੈਚ ਲਈ ਗ੍ਰੇਟ ਬ੍ਰਿਟੇਨ ਨਾਲ ਖੇਡੇਗੀ। ਖਿਤਾਬੀ ਮੁਕਾਬਲੇ ਵਿੱਚ ਅਰਜਨਟੀਨਾ ਦਾ ਮੁਕਾਬਲਾ ਨੀਦਰਲੈਂਡਜ਼ ਨਾਲ ਹੋਵੇਗਾ, ਜਿਸ ਨੇ ਅੱਜ ਪਹਿਲੇ ਸੈਮੀ ਫਾਈਨਲ ਵਿੱਚ ਗ੍ਰੇਟ ਬ੍ਰਿਟੇਨ ਨੂੰ 5-1 ਦੀ ਸ਼ਿਕਸਤ ਦਿੱਤੀ।
ਭਾਰਤ ਲਈ ਡਰੈਗ ਫਲਿੱਕਰ ਗੁਰਜੀਤ ਕੌਰ ਦੀ ਸਟਿੱਕ ਤੋਂ ਮੈਚ ਦੇ ਦੂਜੇ ਮਿੰਟ ਵਿੱਚ ਗੋਲ ਆਇਆ। ਅਰਜਨਟੀਨਾ ਲਈ ਕਪਤਾਨ ਮਾਰੀਆ ਬਾਰਿਓਨੁਏਵਾ ਨੇ 18ਵੇਂ ਤੇ 36ਵੇਂ ਮਿੰਟ ਵਿੱਚ ਮਿਲੇ ਪੈਨਲਟੀ ਕਾਰਨਰਾਂ ਨੂੰ ਗੋਲ ਵਿੱਚ ਤਬਦੀਲ ਕੀਤਾ। ਭਾਰਤੀ ਟੀਮ ਨੇ ਤਿੰਨ ਵਾਰ ਦੀ ਚੈਂਪੀਅਨ ਆਸਟਰੇਲੀਆ ਨੂੰ ਕੁਆਰਟਰ ਫਾਈਨਲ ਵਿੱਚ 1-0 ਨਾਲ ਹਰਾ ਕੇ 41 ਸਾਲਾਂ ਵਿੱਚ ਪਹਿਲੀ ਵਾਰ ਸੈਮੀ ਫਾਈਨਲ ਦਾ ਟਿਕਟ ਕਟਾਇਆ ਸੀ। ਭਾਰਤੀ ਟੀਮ 1980 ਦੇ ਮਾਸਕੋ ਓਲੰਪਿਕ ਵਿੱਚ ਛੇ ਟੀਮਾਂ ਵਿਚੋਂ ਚੌਥੇ ਸਥਾਨ ’ਤੇ ਰਹੀ ਸੀ। ਉਦੋਂ ਪਹਿਲੀ ਵਾਰ ਓਲੰਪਿਕ ਵਿੱਚ ਮਹਿਲਾ ਹਾਕੀ ਨੂੰ ਸ਼ਾਮਲ ਕੀਤਾ ਗਿਆ ਸੀ ਤੇ ਮੁਕਾਬਲੇ ਰਾਊਂਡ ਰੌਬਿਨ ਆਧਾਰ ’ਤੇ ਖੇਡੇ ਗਏ ਸਨ। ਦੱਖਣੀ ਅਫ਼ਰੀਕਾ ਖ਼ਿਲਾਫ਼ ਮੁਕਾਬਲੇ ’ਚ ਟੀਮ ਲਈ ਹੈਟ੍ਰਿਕ ਲਾਉਣ ਵਾਲੀ ਵੰਦਨਾ ਕਟਾਰੀਆ ਨੇ ਮੈਦਾਨ ਦੇ ਸੱਜੇ ਪਾਸਿਓਂ ਕਈ ਮੂਵ ਬਣਾਏ, ਪਰ ਟੀਮ ਇਨ੍ਹਾਂ ਨੂੰ ਗੋਲ ਵਿੱਚ ਤਬਦੀਲ ਨਹੀਂ ਕਰ ਸਕੀ। ਇਸ ਦੌਰਾਨ ਟੀਮ ਨੂੰ ਦੂਜੇ ਕੁਆਰਟਰ ਵਿੱਚ ਦੋ ਪੈਨਲਟੀ ਕਾਰਨਰ ਮਿਲੇ, ਜੋ ਬੇਕਾਰ ਗਏ। ਤੀਜੇ ਕੁਆਰਟਰ ਵਿੱਚ ਵੀ ਭਾਰਤ ਨੇ ਹਮਲਾਵਰ ਸ਼ੁਰੂਆਤ ਕੀਤੀ, ਪਰ ਟੀਮ ਨੂੰ ਗੋਲ ਕਰਨ ਵਿੱਚ ਸਫ਼ਲਤਾ ਨਹੀਂ ਮਿਲੀ। ਆਖਰੀ ਕੁਆਰਟਰ ਵਿੱਚ ਭਾਰਤੀ ਖਿਡਾਰਨਾਂ ਨੇ ਗੋਲ ਕਰਨ ਲਈ ਕਈ ਹੰਭਲੇ ਮਾਰੇ, ਪਰ ਅਰਜਨਟੀਨੀ ਡਿਫੈਂਡਰਾਂ ਅੱਗੇ ਉਨ੍ਹਾਂ ਦੀ ਇਕ ਨਾ ਚੱਲੀ। -ਪੀਟੀਆਈ
ਭਾਰਤੀ ਟੀਮ ਨੇ ਹਾਰ ਮਗਰੋਂ ਵਾਪਸੀ ਦਾ ਵਲ ਸਿੱਖਿਆ: ਮਾਰਿਨ
ਟੋਕੀਓ: ਮੁੱਖ ਕੋਚ ਸੋਰਡ ਮਾਰਿਨ ਨੇ ਕਿਹਾ ਕਿ ਭਾਰਤੀ ਮਹਿਲਾ ਹਾਕੀ ਟੀਮ ਨੇ ਹਾਰ ਮਗਰੋਂ ਵਾਪਸੀ ਕਰਨ ਦਾ ਵਲ ਸਿੱਖ ਲਿਆ ਹੈ ਤੇ ਟੋਕੀਓ ਓਲੰਪਿਕ ਦੇ ਸੈਮੀ ਫਾਈਨਲ ਵਿੱਚ ਅਰਜਨਟੀਨਾ ਹੱਥੋਂ ਮਿਲੀ ਹਾਰ ਬੀਤੇ ਦੀ ਗੱਲ ਹੈ। ਉਨ੍ਹਾਂ ਕਿਹਾ ਕਿ ਟੀਮ ਦਾ ਸਾਰਾ ਧਿਆਨ ਹੁਣ ਇਤਿਹਾਸਕ ਕਾਂਸੀ ਦਾ ਤਗ਼ਮਾ ਜਿੱਤਣ ਵੱਲ ਹੈ। ਮਾਰਿਨ ਨੇ ਕਿਹਾ, ‘‘ਅਸੀਂ ਇਥੇ ਤਗ਼ਮਾ ਜਿੱਤਣ ਲਈ ਆਏ ਸੀ ਤੇ ਅਜੇ ਵੀ ਸਾਡੇ ਕੋਲ ਇਕ ਤਗ਼ਮਾ ਜਿੱਤਣ ਦਾ ਮੌਕਾ ਹੈ। ਇਹ ਹਾਰ ਤੋਂ ਉਭਰ ਕੇ ਵਾਪਸੀ ਕਰਨ ਵਾਲੀ ਗੱਲ ਹੈ। ਅਸੀਂ ਹਾਰ ਮਗਰੋਂ ਵਾਪਸੀ ਕਰਨਾ ਸਿੱਖ ਲਿਆ ਹੈ। ਅਸੀਂ ਸੁਧਾਰ ਕਰ ਸਕਦੇ ਹਾਂ।’’ -ਪੀਟੀਆਈ
ਮਹਿਲਾ ਹਾਕੀ ਟੀਮ ’ਤੇ ਮਾਣ ਹੈ: ਮੋਦੀ
ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਟੋਕੀਓ ਓਲੰਪਿਕ ਦੇ ਸੈਮੀ-ਫਾਈਨਲ ਵਿੱਚ ਅਰਜਨਟੀਨਾ ਤੋਂ ਮਿਲੀ ਹਾਰ ਮਗਰੋਂ ਭਾਰਤੀ ਮਹਿਲਾ ਟੀਮ ਦਾ ਹੌਸਲਾ ਵਧਾਉਂਦਿਆਂ ਕਿਹਾ ਕਿ ਖਿਡਾਰੀਆਂ ਨੇ ਗ਼ਜ਼ਬ ਦਾ ਹੁਨਰ ਤੇ ਪ੍ਰਤੀਬੱਧਤਾ ਵਿਖਾਈ ਹੈ। ਸ੍ਰੀ ਮੋਦੀ ਨੇ ਟਵੀਟ ਕੀਤਾ, ‘‘ਹਾਕੀ ਟੀਮਾਂ ਦੇ ਅਸਾਧਾਰਨ ਪ੍ਰਦਰਸ਼ਨ ਲਈ ਲੋਕ ਟੋਕੀਓ ਓਲੰਪਿਕ ਨੂੰ ਯਾਦ ਰੱਖਣਗੇ। ਅੱਜ ਤੇ ਪੂਰੇ ਟੂਰਨਾਮੈਂਟ ਦੌਰਾਨ ਸਾਡੀ ਮਹਿਲਾ ਟੀਮ ਦਲੇਰੀ ਨਾਲ ਖੇਡੀ ਤੇ ਸ਼ਾਨਦਾਰ ਹੁਨਰ ਵਿਖਾਇਆ। ਅਗਲੇ ਮੁਕਾਬਲੇ ਤੇ ਭਵਿੱਖ ਲਈ ਸ਼ੁਭਕਾਮਨਾਵਾਂ।’’ ਪ੍ਰਧਾਨ ਮੰਤਰੀ ਨੇ ਮਹਿਲਾ ਟੀਮ ਦੇ ਮੁੱਖ ਕੋਚ ਸੋਰਡ ਮਾਰਿਨ ਨਾਲ ਵੀ ਫੋਨ ’ਤੇ ਗੱਲਬਾਤ ਕੀਤੀ।