ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 17 ਨਵੰਬਰ
ਪੰਜਾਬ ਟਰਾਂਸਪੋਰਟ ਵਿਭਾਗ ਨੇ ਮੋਟਰ ਵਾਹਨ ਟੈਕਸ ਚੋਰੀ ਕਰਨ ਦੇ ਦੋਸ਼ ਹੇਠ 125 ਬੱਸ ਪਰਮਿਟ ਰੱਦ ਕਰ ਦਿੱਤੇ ਹਨ, ਜਿਨ੍ਹਾਂ ਵਿੱਚੋਂ 31 ਪਰਮਿਟ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨਾਲ ਸਬੰਧਤ ਹਨ। ਜਾਣਕਾਰੀ ਅਨੁਸਾਰ ਆਰਟੀਏ ਅਥਾਰਟੀ ਬਠਿੰਡਾ ਨੇ ਟੈਕਸ ਨਾ ਭਰਨ ਕਾਰਨ ਬਾਦਲਾਂ ਨਾਲ ਸਬੰਧਤ 30 ਇੰਟੈਗ੍ਰਲ ਕੋਚ ਪਰਮਿਟ ਔਰਬਿਟ ਐਵੀਏਸ਼ਨ ਪ੍ਰਾਈਵੇਟ ਲਿਮਟਿਡ ਤੋਂ ਇਲਾਵਾ ਨਿਊ ਫਤਿਹ ਟਰੈਵਲਜ਼ ਦਾ ਇਕ ਪਰਮਿਟ ਰੱਦ ਕੀਤਾ ਹੈ। ਆਰਟੀਏ ਅਥਾਰਟੀ ਫਰੀਦਕੋਟ ਨੇ ਨਿਊ ਦੀਪ ਬੱਸ ਸਰਵਿਸ ਦੇ 73 ਆਮ ਬੱਸ ਪਰਮਿਟ ਅਤੇ ਤਿੰਨ ਹੋਰ ਇੰਟੈਗ੍ਰਲ ਕੋਚ ਪਰਮਿਟ ਰੱਦ ਕੀਤੇ ਹਨ। ਇਸ ਤੋਂ ਇਲਾਵਾ ਮਨਦੀਪ ਟਰੈਵਲਜ਼ ਦੇ 16 ਆਮ ਪਰਮਿਟ ਅਤੇ ਮਾਲਵਾ ਬੱਸ ਸੇਵਾ ਦੇ ਦੋ ਆਮ ਬੱਸ ਪਰਮਿਟ ਵੀ ਰੱਦ ਕੀਤੇ ਗਏ ਹਨ।