ਟ੍ਰਿਬਿਊਨ ਨਿਊਜ਼ ਸਰਵਿਸ
ਅੰਮ੍ਰਿਤਸਰ, 2 ਮਾਰਚ
ਪੰਜਾਬ ਰਾਜ ਮਹਿਲਾ ਕਮਿਸ਼ਨ ਨੇ ਅੱਜ ਇਥੇ ਨਾਰੀ ਨਿਕੇਤਨ ਅਤੇ ਥਾਣਾ ਬੀ ਡਿਵੀਜ਼ਨ ਵਿੱਚ ਵਿਮੈੱਨ ਸੈੱਲ ਦੀ ਜਾਂਚ ਕੀਤੀ। ਇਸ ਮੌਕੇ ਕਮਿਸ਼ਨ ਦੀ ਮੁਖੀ ਮਨੀਸ਼ਾ ਗੁਲਾਟੀ ਨੇ ਕਿਹਾ ਕਿ ਨਾਬਾਲਗ ਬੱਚੀਆਂ ਨੂੰ ਘਰਾਂ ਵਿੱਚ ਨੌਕਰ ਰੱਖਣ ਵਾਲੇ ਮਕਾਨ ਮਾਲਕਾਂ ਖਿਲਾਫ ਕੇਸ ਦਰਜ ਕਰਕੇ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।
ਸ੍ਰੀਮਤੀ ਗੁਲਾਟੀ ਨੇ ਨਾਰੀ ਨਿਕੇਤਨ ਦੇ ਦੌਰੇ ਦੌਰਾਨ ਇਥੇ ਬੱਚੀਆਂ ਨੂੰ ਮਿਲ ਰਹੀਆਂ ਸਹੂਲਤਾਂ, ਕੀਤੇ ਜਾਂਦੇ ਵਿਵਹਾਰ, ਖੁਰਾਕ ਆਦਿ ਦਾ ਜਾਇਜ਼ਾ ਲਿਆ। ਉਨ੍ਹਾਂ ਕਿਹਾ ਕਿ ਨਾਰੀ ਨਿਕੇਤਨ ਵਿੱਚ ਰਹਿ ਰਹੀਆਂ ਬੱਚੀਆਂ ਨੂੰ ਕਿਸੇ ਕਿਸਮ ਦੀ ਮੁਸ਼ਕਲ ਨਹੀਂ ਆਉਣ ਦਿੱਤੀ ਜਾਵੇਗੀ। ਇਸ ਮੌਕੇ ਉਨ੍ਹਾਂ ਬੱਚੀਆਂ ਨਾਲ ਗੱਲਬਾਤ ਕੀਤੀ ਤੇ ਕੁਝ ਬੱਚੀਆਂ ਵੱਲੋਂ ਇਕ ਅਟੈਂਡੈਂਟ ਖਿਲਾਫ ਕੀਤੀ ਸ਼ਿਕਾਇਤ ਦਾ ਨੋਟਿਸ ਲੈਂਦਿਆਂ, ਉਸ ਨੂੰ ਇਥੋਂ ਤੁਰੰਤ ਬਦਲਣ ਅਤੇ ਉਸ ਵਿਰੁੱਧ ਬਣਦੀ ਕਾਰਵਾਈ ਕਰਨ ਦੀ ਹਦਾਇਤ ਕੀਤੀ। ਉਨ੍ਹਾਂ ਇਥੇ ਤਾਇਨਾਤ ਪੁਲੀਸ ਮੁਲਾਜ਼ਮਾਂ ਨੂੰ ਵਰਦੀ ਪਾ ਕੇ ਆਉਣ ਤੇ ਅਜਿਹਾ ਨਾ ਕਰਨ ਵਾਲਿਆਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੇ ਜਾਣ ਦੀ ਚਿਤਾਵਨੀ ਦਿੱਤੀ। ਉਨ੍ਹਾਂ ਇਥੇ ਰਹਿ ਰਹੀ ਇਕ ਲੜਕੀ ਨੂੰ ਤੁਰੰਤ ਪੱਛਮੀ ਬੰਗਾਲ ਵਿਖੇ ਆਪਣੇ ਘਰ ਭੇਜਣ ਦੇ ਆਦੇਸ਼ ਵੀ ਦਿੱਤੇ। ਉਨ੍ਹਾਂ ਨਾਰੀ ਨਿਕੇਤਨ ਦੀ ਸੁਪਰਡੰਟ ਨੂੰ ਗੁੰਮਸ਼ੁਦਾ ਬੱਚਿਆਂ ਦਾ ਡੇਟਾ ਤੁਰੰਤ ਕੰਪਿਊਟਰ ’ਚ ਅਪਲੋਡ ਕਰਨ ਲਈ ਕਿਹਾ।
ਇਸ ਮਗਰੋਂ ਉਹ ਵਿਮੈੱਨ ਸੈੱਲ ਥਾਣਾ ਬੀ ਡਿਵੀਜ਼ਨ ਪਹੁੰਚੇ ਤੇ ਰਿਕਾਰਡ ਚੈੱਕ ਕੀਤਾ। ਉਨ੍ਹਾਂ ਇਥੇ ਮੂਵਮੈਂਟ ਰਜਿਸਟਰ ਲਗਾਉਣ ਅਤੇ ਉਸ ਵਿਚ ਰੋਜ਼ਾਨਾ ਦੀਆਂ ਸ਼ਿਕਾਇਤਾਂ ਦਰਜ ਕਰਨ ਦੀ ਹਦਾਇਤ ਕੀਤੀ। ਇਸ ਮੌਕੇ ਉਨ੍ਹਾਂ ਪੀੜਤ ਪਰਿਵਾਰਾਂ ਨਾਲ ਵੀ ਗੱਲਬਾਤ ਕੀਤੀ।