ਦਵਾਈਆਂ ਦੀ ਮੰਡੀ
10 ਨਵੰਬਰ ਦੇ ਨਜ਼ਰੀਆ ਪੰਨੇ ’ਤੇ ਡਾ. ਸ਼ਿਆਮ ਸੁੰਦਰ ਦੀਪਤੀ ਨੇ ਜੋ ਸੱਚ ਬਿਆਨ ਕੀਤਾ ਹੈ, ਉਹ ਇਨਸਾਨੀ ਰੂਹ ਦਾ ਸੱਚ ਹੈ। ਪਿਛਲੇ ਕਈ ਸਾਲਾਂ ਤੋਂ ਮੈਂ ਵੀ ਇਨ੍ਹਾਂ ਗੱਲਾਂ ਬਾਰੇ ਲਿਖਣ ਬਾਰੇ ਮਹਿਸੂਸ ਕਰਦੀ ਸਾਂ ਪਰ ਹੀਆ ਨਹੀਂ ਕਰ ਸਕੀ ਕਿਉਂਕਿ ਪੇਸ਼ੇ ਤੋਂ ਡਾਕਟਰ ਨਹੀਂ। ਮੇਰੀ ਕਹੀ ਗੱਲ ਦੀ ਪ੍ਰਮਾਣਿਕਤਾ ਨਹੀਂ ਸੀ ਬਣ ਸਕਦੀ। ਹਰ ਸ਼ਖ਼ਸ ਜੋ ਮਨੁੱਖੀ ਸਰੀਰ ਬਾਰੇ ਮਾੜੀ ਮੋਟੀ ਸਮਝ ਰੱਖਦਾ ਹੈ, ਦਵਾਈਆਂ ਦੇ ਬਾਜ਼ਾਰ ਦੀ ਸ਼ਾਤਿਰ ਖੇਡ ਨੂੰ ਜ਼ਰੂਰ ਪਛਾਣ ਸਕਦਾ ਹੈ। ਉਂਜ ਥੋੜ੍ਹੀ ਜਿਹੀ ਸਮਝਦਾਰੀ, ਜਾਣਕਾਰੀ ਅਤੇ ਸਵੈ-ਸੰਜਮ ਤੋਂ ਕੰਮ ਲੈ ਕੇ ਬੰਦਾ ਰੋਗਨਿਰੋਧਕ ਸ਼ਕਤੀ ਨੂੰ ਹੀ ਵੈਕਸੀਨ ਵਾਂਗ ਵਰਤਣ ਦੇ ਕਾਬਲ ਹੋ ਸਕਦਾ ਹੈ। ਕਦੇ ਦੁਨੀਆ ਦੇ ਸਭ ਤੋਂ ਪਹਿਲੇ ਡਾਕਟਰ ਹਿੱਪਕਰੇਟੀਜ਼ ਨੇ ਕਿਹਾ ਸੀ, ‘‘ਪੈਦਲ ਤੁਰਨਾ ਹੀ ਸਭ ਤੋਂ ਚੰਗੀ ਦਵਾਈ ਹੈ।’’ ਹੁਣ ਕਾਰਾਂ ਦੀ ਬਹੁਲਤਾ ਨੇ ਬੰਦੇ ਨੂੰ ਤੁਰਨ ਜੋਗਾ ਛੱਡਿਆ ਹੀ ਨਹੀਂ। ਹੁਣ ਤੁਰਨ ਲਈ ਉਚੇਚਾ ਸੈਰ ਕਰਨੀ ਹੀ ਇਕ ਸਾਧਨ ਰਹਿ ਗਿਆ ਹੈ।
ਪ੍ਰੋ. ਕਮਲੇਸ਼ ਉੱਪਲ, ਪਟਿਆਲਾ
ਬੱਚਿਆਂ ਦੀ ਪੜ੍ਹਾਈ
17 ਨਵੰਬਰ ਨੂੰ ਪਹਿਲੇ ਸਫ਼ੇ ’ਤੇ ਜਨਰਲ ਵਰਗ ਦੇ ਵਿਦਿਆਰਥੀਆਂ ਨੂੰ ਮੁਫ਼ਤ ਵਰਦੀ ਦੇਣ ਦੀ ਖ਼ਬਰ ਪੜ੍ਹ ਕੇ ਹੈਰਾਨੀ ਹੋਈ। ਪੜ੍ਹਨ ਲਈ ਸਭ ਵਰਗ ਦੇ ਬੱਚਿਆਂ ਨੂੰ ਮੁਫ਼ਤ ਕਿਤਾਬਾਂ ਅਤੇ ਬਾਰ੍ਹਵੀਂ ਤਕ ਬਿਨਾ ਫ਼ੀਸ ਪੜ੍ਹਾਈ ਦੀ ਤੁਕ ਤਾਂ ਬਣਦੀ ਹੈ, ਵਰਦੀ ਨਾਲ ਪੜ੍ਹਾਈ ਦਾ ਕੋਈ ਸਬੰਧ ਨਹੀਂ। ਕਈ ਮੁਲਕਾਂ ਵਿਚ ਬਾਰ੍ਹਵੀਂ ਤਕ ਨਾ ਕੋਈ ਫ਼ੀਸ, ਨਾ ਹੀ ਕਿਤਾਬਾਂ-ਕਾਪੀਆਂ ਦਾ ਖ਼ਰਚ, ਨਾ ਵਰਦੀ ਲਗਾਈ ਜਾਂਦੀ ਹੈ। ਜਿਹੜੇ ਬੱਚੇ ਖਾਣਾ ਲੈਣਾ ਚਾਹੁੰਦੇ ਹਨ, ਫਾਰਮ ਭਰ ਕੇ ਦੇ ਦਿੰਦੇ ਹਨ, ਬਿਲਕੁੱਲ ਤਾਜ਼ਾ ਖਾਣਾ ਉਨ੍ਹਾਂ ਨੂੰ ਮਿਲ ਜਾਂਦਾ ਹੈ। ਇਨ੍ਹਾਂ ਉਨਤ ਮੁਲਕਾਂ ਤੋਂ ਸਾਨੂੰ ਸੇਧ ਲੈਣੀ ਚਾਹੀਦੀ ਹੈ।
ਦਵਿੰਦਰ ਕੌਰ, ਈਮੇਲ
ਫ਼ਰਿਆਦ ਕਿੱਥੇ ਕਰੀਏ
17 ਨਵੰਬਰ ਦੇ ਨਜ਼ਰੀਆ ਪੰਨੇ ’ਤੇ ‘ਜ਼ਿੰਮੇਵਾਰ ਕੌਣ?’ ਸਿਰਲੇਖ ਅਧੀਨ ਜਗਦੀਸ਼ ਕੌਰ ਮਾਨ ਦੀ ਰਚਨਾ ਨਸ਼ਿਆਂ ਦੇ ਹੜ੍ਹ ਕਾਰਨ ਟੁੱਟ ਰਹੇ ਰਿਸ਼ਤਿਆਂ ਅਤੇ ਘਰਾਂ ਦੀ ਮੰਦੀ ਹਾਲਤ ਬਿਆਨ ਕਰ ਗਈ। ਸਵਾਲ ਹੈ ਕਿ ਜੇ ਸਰਕਾਰਾਂ ਲੌਕਡਾਊਨ ਲਾ ਸਕਦੀਆਂ ਹਨ, ਰਾਤੋ-ਰਾਤ ਨੋਟਬੰਦੀ ਕਰ ਸਕਦੀਆਂ ਹਨ, ਫਿਰ ਨਸ਼ਿਆਂ ਦਾ ਕਾਰੋਬਾਰ ਬੰਦ ਕਰਨ ਵਿਚ ਦੇਰੀ ਕਿਉਂ? ਆਮ ਬੰਦਾ ਫ਼ਰਿਆਦ ਕਿੱਥੇ ਕਰੇ?
ਅੰਮ੍ਰਿਤ ਕੌਰ ਬਡਰੁੱਖਾਂ, ਸੰਗਰੂਰ
ਭਾਜਪਾ ਦੇ ਪਾਪੜ
16 ਨਵੰਬਰ ਦਾ ਸੰਪਾਦਕੀ ‘ਖੁਸ਼ਹਾਲੀ ਦਾ ਰਾਹ’ ਕਰਤਾਰਪੁਰ ਸਾਹਿਬ ਦਾ ਲਾਂਘਾ ਖੋਲ੍ਹਣ ਬਾਰੇ ਹੈ। ਪ੍ਰਧਾਨ ਮੰਤਰੀ ਨੂੰ ਮਜਬੂਰੀਵੱਸ ਇਹ ਰਸਤਾ ਖੋਲ੍ਹਣਾ ਪਿਆ ਹੈ ਪਰ ਭਾਜਪਾ ਪੰਜਾਬ ਵਿਚ ਜਿੰਨੇ ਮਰਜ਼ੀ ਪਾਪੜ ਵੇਲੀ ਜਾਵੇ, ਜਦੋਂ ਤੱਕ ਤਿੰਨੇ ਕਾਲੇ ਕਾਨੂੰਨ ਵਾਪਸ ਨਹੀਂ ਲਏ ਜਾਂਦੇ, ਇਨ੍ਹਾਂ ਦੇ ਨੇਤਾਵਾਂ ਨਾਲ ਜੱਗੋਂ ਤੇਰ੍ਹਵੀਂ ਹੁੰਦੀ ਰਹੇਗੀ। ਇਸੇ ਦਿਨ ਵਿਚਕਾਰਲਾ ਲੇਖ ‘ਪੁੰਨ ਦਾ ਵਿਆਹ’ (ਸੁਖਦੇਵ ਸਿੰਘ ਮਾਨ) ਪੜ੍ਹਿਆ। ਇਸ ਲਿਖਾਰੀ ਦੀ ਕਲਮ ਮਿੱਟੀ ਨਾਲ ਜੁੜੀ ਹੋਈ ਹੈ। ਇਸ ਵਿਚ ਪੰਜਾਬ ਦੇ ਤਿੰਨ ਕੁ ਦਹਾਕੇ ਪਹਿਲਾਂ ਦਾ ਬੜਾ ਸਟੀਕ ਚਿਤਰਨ ਹੈ। ਆੜ੍ਹਤੀਆਂ ਦੀਆਂ ਕਰਿਆਨੇ ਦੀਆਂ ਦੁਕਾਨਾਂ ਵੀ ਆਮ ਹੁੰਦੀਆਂ ਹਨ। ਜਿਸ ਤਰ੍ਹਾਂ ਪ੍ਰਭੂ ਨੇ ਕੁੜੀ ਦੀ ਵਿਆਹ ਲਈ ਯੋਗ ਮਦਦ ਕੀਤੀ, ਇਹ ਇਨਸਾਨੀਅਤ ਦੀ ਮੂੰਹ ਬੋਲਦੀ, ਸੋਹਣੀ ਤਸਵੀਰ ਪੇਸ਼ ਕੀਤੀ ਹੈ। ਅਜਿਹੀਆਂ ਕਹਾਣੀਆਂ ਮਨਘੜਤ ਨਹੀਂ। ਇਹ ਪੰਜਾਬ ਦੇ ਹਰ ਘਰ ਦੀ ਕਹਾਣੀ ਹੈ। 13 ਨਵੰਬਰ ਨੂੰ ਗੱਜਣਵਾਲਾ ਸੁਖਮਿੰਦਰ ਦੀ ਰਚਨਾ ‘ਜ਼ਿੰਦਗੀ ਇਮਤਿਹਾਨ ਲੈਂਦੀ ਹੈ’ ਪੰਜਾਬੀ ਵਿਰਸੇ ਦੀ ਝਲਕ ਦਿਖਾ ਗਈ। ਸਤਰੰਗ ਪੰਨੇ ’ਤੇ ਪਰਮਜੀਤ ਕੌਰ ਦਾ ਲੇਖ ‘ਸੋਸ਼ਲ ਮੀਡੀਆ ਦਾ ਮੱਕੜਜਾਲ’ ਸੋਸ਼ਲ ਮੀਡੀਆ ਦੀ ਨਾਜਾਇਜ਼ ਵਰਤੋਂ ਬਾਰੇ ਥੋੜ੍ਹੇ ਸ਼ਬਦਾਂ ਨਾਲ ਬਹੁਤ ਵੱਡੀ ਸਿੱਖਿਆ ਹੈ। ਸਤਰੰਗ ਪੰਨੇ ’ਤੇ ਮਨਦੀਪ ਸਿੰਘ ਸਿੱਧੂ ਦੀਆਂ ਰਚਨਾਵਾਂ ਲੰਮੇ ਸਮੇਂ ਤੋਂ ਪੜ੍ਹ ਰਹੇ ਹਾਂ ਪਰ ਕਿਸੇ ਕਲਾਕਾਰ ਬਾਰੇ ਲਿਖਣਾ ਹੋਵੇ ਤਾਂ ਉਸ ਦੀ ਜ਼ਿੰਦਗੀ ਦੀ ਪੂਰੀ ਤਸਵੀਰ ਦੱਸਣੀ ਚਾਹੀਦੀ ਹੈ। ਉਂਜ ‘ਚਰਿੱਤਰ ਨੂੰ ਜਿਊਣ ਵਾਲਾ ਅਦਾਕਾਰ ਚਮਨਪੁਰੀ’ ਲੇਖ ਪੜ੍ਹਿਆ ਤਾਂ ਸਹੀ ਪਰ ਸਮਝ ਨਹੀਂ ਆਇਆ ਕਿਉਂਕਿ ਬਹੁਤੇ ਸ਼ਬਦਾਂ ਦੇ ਅਰਥ ਹੀ ਪਤਾ ਨਹੀਂ। ਮੁਤਆਰਿਫ਼, ਮਰਕਜ਼ੀ, ਮਕਾਲਮੇ ਆਦਿ ਸ਼ਬਦ ਕੌਣ ਸਮਝਦਾ ਹੋਵੇਗਾ?
ਰਮੇਸ਼ਵਰ ਸਿੰਘ, ਪਟਿਆਲਾ
ਨਵੀਂ ਪੀੜ੍ਹੀ ਨੂੰ ਸੁਨੇਹਾ
13 ਨਵੰਬਰ ਦੇ ਨਜ਼ਰੀਆ ਪੰਨੇ ’ਤੇ ਗੱਜਣਵਾਲਾ ਸੁਖਮਿੰਦਰ ਦੀ ਲਿਖਤ ‘ਜ਼ਿੰਦਗੀ ਇਮਤਿਹਾਨ ਲੈਂਦੀ ਹੈ’ ਪਿੰਡ ਦੇ ਇਕ ਗ਼ਰੀਬ ਪਰਿਵਾਰ ਦੀ ਕਹਾਣੀ ਹੈ ਜਿਸ ਵਿਚ ਸੱਚਾਈ ਪੇਸ਼ ਕੀਤੀ ਗਈ ਹੈ। ਇਹ ਰਚਨਾ ਨਵੀਂ ਪੀੜ੍ਹੀ ਨੂੰ ਪਿੰਡ ਦੇ ਲੋਕਾਂ ਦਾ ਸਦੀਆਂ ਤੋਂ ਚਲਿਆ ਆ ਰਿਹਾ ਪਿਆਰ ਬਣਾਈ ਰੱਖਣ ਦਾ ਸੁਨੇਹਾ ਦਿੰਦੀ ਹੈ।
ਜਸਵੰਤ ਸਿੰਘ ਢੀਂਡਸਾ, ਖਰੜ (ਮੁਹਾਲੀ)
ਸੰਵੇਦਨਸ਼ੀਲ ਪਰਤਾਂ
11 ਨਵੰਬਰ ਨੂੰ ਅਤਰਜੀਤ ਦਾ ਮਿਡਲ ‘ਘੜੇ ਵਾਲੀ ਕੁੜੀ’ ਦਿਲ ਟੁੰਬਵਾਂ ਹੈ। ਉਨ੍ਹਾਂ ਇਸ ਲੜਕੀ ਦਾ ਜ਼ਿਕਰ ਆਪਣੀ ਸਵੈ-ਜੀਵਨੀ ‘ਅੱਕ ਦਾ ਦੁੱਧ’ ਵਿਚ ਵੀ ਕੀਤਾ ਹੈ। ਇਹ ਲੇਖ ਜਿੱਥੇ ਲੇਖਕ ਦੇ ਮਨ ਦੀਆਂ ਸੰਵੇਦਨਸ਼ੀਲ ਪਰਤਾਂ ਫ਼ਰੋਲਦਾ ਹੈ, ਉੱਥੇ ਸਾਡੇ ਸਮਾਜ ਵਿਚ ਫੈਲੇ ਜਾਤੀਵਾਦ ਦੇ ਕੋਹੜ ’ਤੇ ਵੀ ਵਿਅੰਗ ਕਰਦਾ ਹੈ।
ਸੁਖਪਾਲ ਸਿੰਘ ਹੁੰਦਲ, ਮੁਹਾਲੀ
ਵਾਤਾਵਰਨ ਬਾਰੇ ਯਤਨ
9 ਨਵੰਬਰ ਦੇ ਨਜ਼ਰੀਏ ਅੰਕ ਵਿਚ ਡਾ. ਗੁਰਿੰਦਰ ਕੌਰ ਦਾ ਲੇਖ ‘ਗਲਾਸਗੋ ਕਾਨਫ਼ਰੰਸ: ਧਰਤੀ ਦੇ ਤਾਪਮਾਨ ਦਾ ਮਸਲਾ’ ਪੜ੍ਹਿਆ। ਅਹਿਸਾਸ ਹੋਇਆ ਕਿ ਸਾਰੇ ਹੀ ਦੇਸ਼ ਇਕ ਹੋ ਕੇ ਧਰਤੀ ਨੂੰ ਕੁਦਰਤੀ ਆਫ਼ਤਾਂ ਤੋਂ ਬਚਾਉਣ ਲਈ ਯਤਨ ਕਰ ਰਹੇ ਹਨ।
ਪਰਨੀਤ ਕੌਰ, ਜੀਂਦ
ਤਰਕ ਨਾਲ ਗੱਲਾਂ
21 ਅਕਤੂਬਰ ਦੇ ਨਜ਼ਰੀਆ ਪੰਨੇ ’ਤੇ ‘ਅਨਪੜ੍ਹ ਲੋਕਾਂ ਬਾਰੇ ਗ਼ਲਤ ਬਿਆਨੀਆ ਬਣਾਉਣ ਦਾ ਯਤਨ’ ਅਵਿਜੀਤ ਪਾਠਕ ਦੀ ਭਾਵਪੂਰਨ ਟਿੱਪਣੀ ਹੈ। ਲੇਖਕ ਨੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਸ਼ਬਦਾਂ ‘ਅਨਪੜ੍ਹ ਲੋਕ ਭਾਰਤ ਦੇ ਚੰਗੇ ਨਾਗਰਿਕ ਨਹੀਂ ਬਣ ਸਕਦੇ’ ਦੀ ਤਰਕ ਆਧਾਰਿਤ ਪ੍ਰਤੀਕਿਰਿਆ ਪੇਸ਼ ਕੀਤੀ ਹੈ। ਸਿੱਖਿਆ ਦੇ ਮਹੱਤਵ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ। ਹੋ ਸਕਦਾ ਹੈ, ਗ੍ਰਹਿ ਮੰਤਰੀ ਅਮਿਤ ਸ਼ਾਹ ਦਾ ਦਿਲ ਦੁਖਦਾ ਹੋਵੇ ਪਰ ਟਿੱਪਣੀਕਾਰ ਦਾ ਵਿਚਾਰ ਵੀ ਆਪਣੀ ਜਗ੍ਹਾ ਮਹੱਤਵ ਰੱਖਦਾ ਹੈ ਕਿ ਸਮਾਜ ਦੇ ਪੜ੍ਹੇ-ਲਿਖੇ, ਤਕਨੀਕ ਦੇ ਮਾਹਿਰ ਜਾਂ ਪੈਸੇ ਵਾਲੇ ਲੋਕ ਅਸੂਲਾਂ ਦੀ ਕਦਰ ਕਰਨ ਵਾਲੇ ਹੋਣ, ਇਹ ਜ਼ਰੂਰੀ ਨਹੀਂ। ਦੂਜੇ ਪਾਸੇ ਅਜਿਹੇ ਵੀ ਇਨਸਾਨ ਹਨ ਜਿਹੜੇ ਤਾਲੀਮ ਜਾਂ ਹੋਰ ਬੁਨਿਆਦੀ ਸਾਧਨਾਂ ਤੋਂ ਹੀਣ ਹੁੰਦਿਆਂ ਵੀ ਸਾਨੂੰ ਜੀਵਨ ਦੀਆਂ ਉੱਚੀਆਂ ਕਦਰਾਂ-ਕੀਮਤਾਂ ਦਾ ਅਜਿਹਾ ਪਾਠ ਪੜ੍ਹਾ ਜਾਂਦੇ ਹਨ ਜਿਸ ਨਾਲ ਅਸੀਂ ਆਪਣੇ ਅੰਦਰ ਝਾਤੀ ਮਾਰਨ ਲਈ ਮਜਬੂਰ ਹੋ ਜਾਂਦੇ ਹਾਂ।
ਸ਼ੋਭਨਾ ਵਿਜ, ਪਟਿਆਲਾ
ਸੰਤੁਲਿਤ ਵਿਚਾਰ
18 ਅਕਤੂਬਰ ਨੂੰ ਮੋਨਿਕਾ ਸਭਰਵਾਲ ਦਾ ਲੇਖ ‘ਮੰਡੀ ਦੇ ਭੰਬਲਭੂਸੇ ਵਿਚ ਉਲਝਦਾ ਨਾਰੀਵਾਦ’ ਪੱਛਮੀ ਪ੍ਰਭਾਵ ਥੱਲੇ ਅਜੋਕੀ ਮੰਨੀ ਜਾ ਰਹੀ ਆਧੁਨਿਕਤਾ ਸਬੰਧੀ ਬਹੁਤ ਸਹੀ ਅਤੇ ਸੰਤੁਲਿਤ ਵਿਚਾਰ ਪੇਸ਼ ਕਰਦਾ ਹੈ। ਨਗਨਵਾਦ ਕਿਸੇ ਆਜ਼ਾਦੀ ਦਾ ਨਾਂ ਨਹੀਂ, ਇਹ ਸਿਰਫ਼ ਸਰੀਰਕ ਅਤੇ ਪਦਾਰਥਕ ਗੁਲਾਮੀ ਤੇ ਸ਼ੋਸ਼ਣ ਹੈ। ਨਾਰੀਵਾਦ ਜਾਂ ਔਰਤ ਦੀ ਆਜ਼ਾਦੀ ਦੇ ਬਹਾਨੇ ਪਦਾਰਥਕ ਲੁੱਟ-ਖਸੁੱਟ ਨੂੰ ਅਸੀਂ ਪਛਾਣ ਨਹੀਂ ਰਹੇ। ਔਰਤ ਨੂੰ ਆਜ਼ਾਦੀ ਦੀ ਲੋੜ ਹੈ ਪਰ ਇਹ ਆਜ਼ਾਦੀ ਸੁਹਜ ਅਤੇ ਸਹਿਜ ਭਰਪੂਰ, ਘਰੇਲੂ ਮਾਰ-ਕੁਟਾਈ, ਆਰਥਿਕ ਦਬਾਉ ਅਤੇ ਮੰਡੀ ਦੇ ਸ਼ੋਸ਼ਣ ਤੋਂ ਬਚਾਉਣ ਵਾਲੀ ਹੋਣੀ ਚਾਹੀਦੀ ਹੈ। ਇਸੇ ਪੰਨੇ ’ਤੇ ਤਜਿੰਦਰ ਸਿੰਘ ਦਾ ਲੇਖ ‘ਫਾਸਟ ਫ਼ੈਸ਼ਨ’ ਬਰਾਂਡ ਅਤੇ ਫ਼ੈਸ਼ਨ ਦੇ ਨਾਂ ’ਤੇ ਕੱਪੜਿਆਂ ਦੀ ਹੋ ਰਹੀ ਦੁਰਗਤ ਅਤੇ ਮੁਲਕ ਦੇ ਕੁਦਰਤੀ ਸਾਧਨਾਂ ਦੀ ਦੁਰਵਰਤੋਂ ਦਾ ਬਿਆਨ ਕਰਦਾ ਹੈ। ਇਸੇ ਦਿਨ ਹੀ ‘ਮਨ ਦਾ ਸੰਦੂਕ’ ਮਿਡਲ ਭੁੱਲੇ-ਵਿਸਰੇ ਵਿਰਸੇ ਅਤੇ ਸਭਿਆਚਾਰ ਦੀਆਂ ਯਾਦਾਂ ਨੂੰ ਤਾਜ਼ਾ ਕਰਵਾਉਂਦਾ ਹੈ।
ਡਾ. ਤਰਲੋਚਨ ਕੌਰ, ਪਟਿਆਲਾ