ਸ਼ਿਮਲਾ, 28 ਅਪਰੈਲ
ਸਥਾਨਕ ਅਦਾਲਤ ਨੇ ਸਕੂਲੀ ਵਿਦਿਆਰਥਣ ਨਾਲ ਜਬਰ-ਜਨਾਹ ਅਤੇ ਹੱਤਿਆ ਮਾਮਲੇ ’ਚ ਲੱਕੜਾਂ ਕੱਟਣ ਵਾਲੇ ਅਨਿਲ ਕੁਮਾਰ ਉਰਫ਼ ਨੀਲੂ ਨੂੰ ਦੋਸ਼ੀ ਠਹਿਰਾਇਆ ਹੈ। ਉਸ ਨੂੰ 11 ਮਈ ਨੂੰ ਸਜ਼ਾ ਸੁਣਾਈ ਜਾਵੇਗੀ। ਚਾਰ ਸਾਲ ਪਹਿਲਾਂ ਗੁੜੀਆ ਕੇਸ ਵਜੋਂ ਸੁਰਖੀਆਂ ’ਚ ਆਏ ਇਸ ਕਾਂਡ ਕਾਰਨ ਹਿਮਾਚਲ ਪ੍ਰਦੇਸ਼ ’ਚ ਲੋਕਾਂ ਨੇ ਭਾਰੀ ਰੋਹ ਦਿਖਾਇਆ ਸੀ।
ਸ਼ਿਮਲਾ ਦੇ ਕੋਟਖਾਈ ’ਚ 4 ਜੁਲਾਈ, 2017 ਨੂੰ 16 ਵਰ੍ਹਿਆਂ ਦੀ ਵਿਦਿਆਰਥਣ ਨਾਲ ਜਬਰ-ਜਨਾਹ ਮਗਰੋਂ ਉਸ ਦੀ ਹੱਤਿਆ ਕਰ ਦਿੱਤੀ ਗਈ ਸੀ। ਇਸ ਕੇਸ ’ਚ ਸ਼ੱਕੀ ਵਜੋਂ ਫੜੇ ਗਏ ਵਿਅਕਤੀ ਦੀ ਹਿਰਾਸਤ ’ਚ ਮੌਤ ਹੋ ਗਈ ਸੀ ਜਦਕਿ ਇਕ ਸੀਨੀਅਰ ਪੁਲੀਸ ਅਧਿਕਾਰੀ ਨੂੰ ਵੀ ਗ੍ਰਿਫ਼ਤਾਰ ਕੀਤਾ ਗਿਆ ਸੀ। ਕੇਸ ਸੀਬੀਆਈ ਦੇ ਹੱਥ ’ਚ ਆਉਣ ਮਗਰੋਂ ਅਨਿਲ ਕੁਮਾਰ ਨੂੰ ਤਿੰਨ ਸਾਲ ਪਹਿਲਾਂ ਗ੍ਰਿਫ਼ਤਾਰ ਕੀਤਾ ਗਿਆ ਸੀ। -ਪੀਟੀਆਈ