ਕੰਸਟੀਚੂਐਂਟ ਕਾਲਜਾਂ ’ਤੇ ਮੰਡਰਾਉਂਦਾ ਖ਼ਤਰਾ
20 ਅਕਤੂਬਰ ਨੂੰ ਨਜ਼ਰੀਆ ਪੰਨੇ ’ਤੇ ਤੇਗਿੰਦਰ ਦਾ ਲੇਖ ਪੰਜਾਬੀ ਯੂਨੀਵਰਸਿਟੀ ਪਟਿਆਲਾ ਨਾਲ ਜੁੜੇ ਕੰਸਟੀਚੂਐਂਟ ਕਾਲਜਾਂ ਦੇ ਅੱਜ ਦੇ ਹਾਲਾਤ ਬਾਖ਼ੂਬੀ ਨਾਲ ਬਿਆਨ ਕਰਦਾ ਹੈ। 2011 ਵਿਚ ਜਦੋਂ ਇਹ ਕਾਲਜ ਖੋਲ੍ਹੇ ਗਏ ਹਨ ਤਾਂ ਇਨ੍ਹਾਂ ਕਾਲਜਾਂ ਨੇ ਪਿਛੜੇ ਹੋਏ ਇਲਾਕੇ ਦੇ ਬੱਚਿਆਂ ਦੀਆਂ ਅੱਖਾਂ ਵਿਚ ਉੱਚ ਪੱਧਰੀ ਸਿੱਖਿਆ ਹਾਸਿਲ ਕਰਨ ਦੇ ਸੁਫ਼ਨੇ ਸਜਾਏ। ਉਦੋਂ ਯੂਨੀਵਰਸਿਟੀ ਨੇ ਵੀ ਉੱਚੀ ਸੁਰ ਵਿਚ ਕਿਹਾ ਸੀ ਕਿ ਕਿਸੇ ਵੀ ਬੱਚੇ ਨੂੰ ਸਿੱਖਿਆ ਤੋਂ ਮਹਿਰੂਮ ਨਹੀਂ ਰਹਿਣ ਦਿੱਤਾ ਜਾਵੇਗਾ ਪਰ ਹੁਣ ਤਕਰੀਬਨ 10 ਸਾਲਾਂ ਬਾਅਦ ਯੂਨੀਵਰਸਿਟੀ ਦੀ ਤਸਵੀਰ ਇਨ੍ਹਾਂ ਕਾਲਜਾਂ ਨੂੰ ਲੈ ਕੇ ਕੁਝ ਹੋਰ ਹੀ ਹੈ। ਹੁਣ ਯੂਨੀਵਰਸਿਟੀ ਆਪਣੇ ਵਿੱਤੀ ਸੰਕਟ ਦੀ ਦੁਹਾਈ ਦੇ ਕੇ ਇਨ੍ਹਾਂ ਕਾਲਜਾਂ ਨੂੰ ਬੋਝ ਮੰਨਣ ਲੱਗ ਪਈ ਹੈ। ਇਨ੍ਹਾਂ ਕਾਲਜਾਂ ਦੇ ਪ੍ਰੋਫ਼ੈਸਰਾਂ ਨੇ ਇਨ੍ਹਾਂ ਦੀ ਹੋਂਦ ਕਾਇਮ ਰੱਖਣ ਲਈ ਬੱਚਿਆਂ ਨੂੰ ਪੜ੍ਹਾਉਣ ਅਤੇ ਆਪਣੀਆਂ ਤਨਖ਼ਾਹਾਂ ਪ੍ਰਾਪਤ ਕਰਨ ਲਈ ਦੋਹਰੀ ਲੜਾਈ ਲੜੀ। ਇਨ੍ਹਾਂ ਕਾਲਜਾਂ ਨੇ ਪਿਛੜੇ ਇਲਾਕਿਆਂ ਦੇ ਬੱਚਿਆਂ ਨੂੰ ਨਵੀਂ ਰਾਹ ਦਿਖਾਈ। ਸਭ ਤੋਂ ਵੱਡੀ ਗੱਲ, ਯੂਨੀਵਰਸਿਟੀ ਦੁਆਰਾ ਆਪਣੇ ਵਿੱਤੀ ਸੰਕਟ ਨੂੰ ਸਾਹਮਣੇ ਰੱਖ ਕੇ ਇਨ੍ਹਾਂ ਕਾਲਜਾਂ ਨੂੰ ਨਿਸ਼ਾਨਾ ਬਣਾਉਣਾ ਯੂਨੀਵਰਸਿਟੀ ਦੁਆਰਾ ਤੈਅ ਕੀਤੇ ਸਿੱਖਿਆ ਤੰਤਰ ’ਤੇ ਹੀ ਸਵਾਲ ਖੜ੍ਹੇ ਕਰਦਾ ਹੈ: ਕੀ ਵਾਕਈ ਯੂਨੀਵਰਸਿਟੀਆਂ ਦਾ ਕੰਮ ਸਿੱਖਿਆ ਵੰਡਣਾ ਹੈ ਜਾਂ ਵਪਾਰੀਆਂ ਵਾਂਗ ਮੁਨਾਫ਼ਾ ਕਮਾਉਣਾ ਹੈ?
ਸੀਮਾ ਸ਼ਰਮਾ, ਈਮੇਲ
(2)
ਤੇਗਿੰਦਰ ਦਾ ਲੇਖ ‘ਪੰਜਾਬੀ ’ਵਰਸਿਟੀ ਦਾ ਵਿੱਤੀ ਸੰਕਟ ਅਤੇ ਕੰਸਟੀਚੂਐਂਟ ਕਾਲਜ’ ਪੜ੍ਹਿਆ। ਲੇਖਕ ਨੇ ਪੰਜਾਬੀ ਯੂਨੀਵਰਸਿਟੀ ਵਿਚ ਪ੍ਰਬੰਧਕੀ ਸੰਕਟ, ਬੇਨਿਯਮ ਵਿਵਸਥਾ ਆਦਿ ਕਾਰਨ ਵਧ ਰਹੇ ਸੰਕਟ ਨੂੰ ਕੰਸਟੀਚੂਐਂਟ ਕਾਲਜਾਂ ਉੱਪਰ ਥੋਪਣ ਦੇ ਵਰਤਾਰੇ ਨੂੰ ਵਿਸਥਾਰ ਸਹਿਤ ਬਿਆਨ ਕੀਤਾ ਹੈ। ਆਜ਼ਾਦੀ ਦੇ ਕਈ ਦਹਾਕਿਆਂ ਬਾਅਦ ਭਾਰਤ ਦੇ ਪੇਂਡੂ ਖੇਤਰਾਂ ਵਿਚ ਉੱਚ ਸਿੱਖਿਆ ਦੇ ਪ੍ਰਸਾਰ ਲਈ ਇਨ੍ਹਾਂ ਕਾਲਜਾਂ ਦੇ ਬਣਨ ਨਾਲ ਚੰਗੇਰੇ ਭਵਿੱਖ ਦੀ ਕਿਰਨ ਦਿਖਾਈ ਦਿੱਤੀ ਸੀ। ਪੰਜਾਬੀ ਯੂਨੀਵਰਸਿਟੀ ਦੇ ਪ੍ਰਬੰਧਕ ਅਤੇ ਉੱਚ ਕੋਟੀ ਦੇ ਵਿਦਵਾਨ ਯੂਨੀਵਰਸਿਟੀ ਸੰਕਟ ਦੇ ਨਾਂ ਹੇਠ ਇਨ੍ਹਾਂ ਕਾਲਜਾਂ ਵਿਚ ਪੜ੍ਹ ਰਹੇ ਵਿਦਿਆਰਥੀਆਂ ਦੇ ਸੁਫ਼ਨਿਆਂ ਨੂੰ ਆਪਣੇ ਸੌੜੇ ਹਿੱਤਾਂ ਲਈ ਤੋੜ ਰਹੇ ਹਨ। ਇਨ੍ਹਾਂ ਕਾਲਜਾਂ ਦੀ ਹਾਲਤ ਇਤਨੀ ਮਾੜੀ ਹੈ ਕਿ ਕਈਆਂ ਵਿਚ ਤਾਂ ਪੀਣ ਵਾਲਾ ਪਾਣੀ ਵੀ ਨਹੀਂ ਹੈ। ਯੂਨੀਵਰਸਿਟੀ ਦੇ ਉੱਚ ਅਧਿਕਾਰੀ ਕਾਲਜਾਂ ਵਿਚ ਜਾ ਕੇ ਸੁੰਦਰ ਸੁੰਦਰ ਸ਼ਬਦਾਂ ਵਿਚ ਆਦਰਸ਼ ਭਾਸ਼ਣ ਦਿੰਦੇ ਹਨ, ਪਰ ਇਸ ਲੇਖ ਨੂੰ ਪੜ੍ਹ ਕੇ ਸਭ ਦੀਆਂ ਅੱਖਾਂ ਖੁੱਲ੍ਹ ਗਈਆਂ ਹਨ। ਕਾਲਜਾਂ ਨੂੰ ਬਚਾਉਣ ਲਈ ਸਰਕਾਰ ਨੂੰ ਠੋਸ ਕਦਮ ਉਠਾਉਣੇ ਚਾਹੀਦੇ ਹਨ ਅਤੇ ਯੂਨੀਵਰਸਿਟੀ ਨੂੰ ਕਾਲਜਾਂ ਤੋਂ ਕਮਾਏ ਰੁਪਏ ਤੁਰੰਤ ਵਾਪਸ ਕਰਨੇ ਚਾਹੀਦੇ ਹਨ।
ਸਿਮਰਨਜੀਤ ਕੌਰ, ਘਨੌਰ
ਜ਼ਿੰਦਗੀ ਦੀ ਰਫ਼ਤਾਰ ਬਨਾਮ ਬੀਤਿਆ ਵਕਤ
ਅੱਜ ਜ਼ਿੰਦਗੀ ਦੀ ਰਫ਼ਤਾਰ ਜਦੋਂ ਬੜੀ ਤੇਜ਼ ਹੋ ਗਈ ਹੈ ਤਾਂ ਅਰਵਿੰਦਰ ਸਿੰਘ ਨਾਗਪਾਲ ਦਾ ਮਿਡਲ ‘ਜ਼ਿੰਦਗੀ ਦੀ ਦੌੜ’ (19 ਅਕਤੂਬਰ) ਪੜ੍ਹਿਆ ਤਾਂ ਕੁਝ ਪਲਾਂ ਲਈ ਮਨ ਬੀਤੇ ਦੀਆਂ ਯਾਦਾਂ ਵਿਚ ਉਡਾਰੀਆਂ ਮਾਰਨ ਚਲਿਆ ਗਿਆ। ਉਦੋਂ ਲੋਕਾਂ ਵਿਚ ਬੜੀ ਅਪਣੱਤ ਸੀ।
ਕੁਲਵਿੰਦਰ ਸਿੰਘ ਬਰਾੜ, ਈਮੇਲ
(2)
ਮਿਡਲ ‘ਜ਼ਿੰਦਗੀ ਦੀ ਦੌੜ’ ਵਰਤਮਾਨ ਜੀਵਨ ਵਿਚ ਸੋਚਾਂ, ਸੁਭਾਅ ਅਤੇ ਖਾਹਿਸ਼ਾਂ ਵਿਚ ਆਏ ਵੱਡੇ ਫ਼ਰਕ ਅਤੇ ਅਣਲੋੜੀਂਦੇ ਫ਼ਿਕਰਾਂ ਦਾ ਸਹੀ ਵਿਸਲੇਸ਼ਣ ਹੈ। ਇਸੇ ਅੰਕ ਵਿਚ ਅੱਜ ਦਾ ਵਿਚਾਰ ‘ਬਿਹਤਰ ਇੰਤਜ਼ਾਮ ਨਾਲ ਸੰਕਟ ਨਜਿੱਠੇ ਜਾ ਸਕਦੇ ਹਨ’, ਸੰਪਾਦਕੀ ‘ਕੋਵਿਡ-19 ਦੇ ਹਾਲਾਤ’ ਉੱਤੇ ਪੂਰੀ ਤਰ੍ਹਾਂ ਢੁੱਕਵਾਂ ਅਤੇ ਇਸ ਦਾ ਸਹੀ ਨਿਚੋੜ ਹੈ।
ਦਰਸ਼ਨ ਸਿੰਘ, ਸ਼ਾਹਬਾਦ ਮਾਰਕੰਡਾ (ਕੁਰੂਕਸ਼ੇਤਰ)
ਪੰਜਾਬ ਦੀ ਅਗਵਾਈ
21 ਅਕਤੂਬਰ ਨੂੰ ਸੰਪਾਦਕੀ ‘ਕਿਸਾਨ ਅੰਦੋਲਨ ਦੀ ਪ੍ਰਾਪਤੀ’ ਪੜ੍ਹਿਆ। ਕਿਸਾਨ ਸੰਘਰਸ਼ ਦੇ ਜਿੱਤ ਵੱਲ ਵਧਦੇ ਕਦਮਾਂ ’ਤੇ ਪੰਜਾਬ ਸਰਕਰ ਦਾ ਕੇਂਦਰ ਦੇ ਬਣਾਏ ਕਾਨੂੰਨ ਰੱਦ ਕਰ ਕੇ, ਨਵੇਂ ਬਿੱਲ ਪਾਸ ਕਰਨਾ, ਸਹੀ ਅਤੇ ਸਾਰਥਿਕ ਕਦਮ ਹੈ। ਪੰਜਾਬ ਸਰਕਾਰ ਅਤੇ ਬਾਕੀ ਪਾਰਟੀਆਂ ਦਾ ਸਮਰਥਨ ਕਰਨਾ ਅਥਵਾ ਇਕਜੁੱਟਤਾ ਦਿਖਾਉਣੀ, ਸਭ ਕਿਸਾਨਾਂ ਦੇ ਅੰਦੋਲਨ ਕਰ ਕੇ ਸੰਭਵ ਹੋਇਆ ਹੈ। ਪੰਜਾਬ ਸਰਕਾਰ ਦਾ ਇਹ ਫ਼ੈਸਲਾ ਹੋਰ ਰਾਜਾਂ ਲਈ ਵੀ ਰਾਹ ਦਸੇਰਾ ਬਣੇਗਾ। ਪੰਜਾਬ ਨੇ ਹਮੇਸ਼ਾਂ ਦੇਸ਼ ਦੀ ਅਗਵਾਈ ਕੀਤੀ ਹੈ ਤੇ ਹੁਣ ਵੀ ਸਾਰਾ ਦੇਸ਼ ਪੰਜਾਬ ਵੱਲ ਦੇਖ ਰਿਹਾ ਹੈ। ਜਦ ਐਮਰਜੈਂਸੀ ਲੱਗੀ ਸੀ, ਉਸ ਵਕਤ ਵੀ ਐਮਰਜੈਂਸੀ ਵਿਰੁੱਧ ਡਟਵਾਂ ਮੋਰਚਾ ਪੰਜਾਬ ਨੇ ਹੀ ਲਾਇਆ ਸੀ। 21 ਅਕਤੂਬਰ ਦੇ ਵਿਰਾਸਤ ਪੰਨੇ ਉੱਤੇ ਭਗਤ ਨਾਮਦੇਵ ਅਤੇ ਸਰਹਿੰਦ ਦੇ ਮਕਬਰੇ ਬਾਰੇ ਦਿਲਚਸਪ ਤੇ ਜਾਣਕਾਰੀ ਭਰਪੂਰ ਸਨ।
ਸੁਖਦੇਵ ਸਿੰਘ ਭੁੱਲੜ, ਸੁਰਜੀਤ ਪੁਰਾ (ਬਠਿੰਡਾ)