ਜੌਹਾਨੈੱਸਬਰਗ, 5 ਜੁਲਾਈ
ਇੰਟਰਪੋਲ ਨੇ ਦੱਖਣੀ ਅਫਰੀਕਾ ਦੇ ਸਾਬਕਾ ਰਾਸ਼ਟਰਪਤੀ ਜੈਕਬ ਜ਼ੂਮਾ ਦੇ ਦੋਸਤ ਕਾਰੋਬਾਰੀ ਭਰਾ ਅਤੁਲ ਗੁਪਤਾ ਅਤੇ ਰਾਜ਼ੇਸ਼ ਗੁਪਤਾ ਅਤੇ ਉਨ੍ਹਾਂ ਦੇ ਸਹਿਯੋਗੀਆਂ ਖ਼ਿਲਾਫ਼ ਕਥਿਤ ਧੋਖਾਧੜੀ ਦੇ ਮਾਮਲੇ ਵਿੱਚ ਉਨ੍ਹਾਂ ਦੀ ਗ੍ਰਿਫ਼ਤਾਰੀ ਦੀ ਅਪੀਲ ਕਰਦਿਆਂ ‘ਰੈੱਡ ਨੋਟਿਸ’ ਜਾਰੀ ਕੀਤਾ ਹੈ। ਇਹ ਜਾਣਕਾਰੀ ਅੱਜ ਦੱਖਣੀ ਅਫਰੀਕਾ ਦੇ ਵਕੀਲਾਂ ਨੇ ਦਿੱਤੀ। ਇਸ ਸਬੰਧੀ ਟਿੱਪਣੀ ਲਈ ਇੰਟਰਪੋਲ ਵੱਲੋਂ ਰਾਇਟਰਜ਼ ਦੀ ਅਪੀਲ ਦਾ ਜਵਾਬ ਨਹੀਂ ਦਿੱਤਾ ਗਿਆ। ਦੱਖਣੀ ਅਫਰੀਕਾ ਦੀ ਕੌਮੀ ਵਕੀਲ ਅਥਾਰਿਟੀ (ਐੱਨਪੀਏ) ਨੇ ਇੱਕ ਬਿਆਨ ਵਿੱਚ ਕਿਹਾ ਕਿ ਦੋਵੇਂ ਗੁਪਤਾ ਭਰਾਵਾਂ ਦੀਆਂ ਪਤਨੀਆਂ ਅਤੇ ਉਨ੍ਹਾਂ ਦੇ ਕਈ ਕਾਰੋਬਾਰੀ ਸਹਿਯੋਗੀਆਂ ਨੂੰ ਨੋਟਿਸ ਜਾਰੀ ਕੀਤੇ ਜਾ ਚੁੱਕੇ ਹਨ। ਇਹ ਮੰਨਿਆ ਜਾ ਰਿਹਾ ਕਿ ਰਾਸ਼ਟਰਪਤੀ ਜੈਕਬ ਜ਼ੂਮਾ ਨੂੰ ਰਾਸ਼ਟਰਪਤੀ ਦੇ ਅਹੁਦੇ ਤੋਂ ਲਾਂਭੇ ਕੀਤੇ ਜਾਣ ਮਗਰੋਂ ਭਾਰਤੀ ਮੂਲ ਦੇ ਦੋਵੇਂ ਗੁਪਤਾ ਭਰਾ ਦੱਖਣੀ ਅਫ਼ਰੀਕਾ ’ਚੋਂ ਨਿਕਲ ਗਏ ਸਨ ਅਤੇ ਹੁਣ ਦੁਬਈ ’ਚ ਹਨ। -ਰਾਇਟਰਜ਼