ਗੁਰਦੀਪ ਸਿੰਘ ਟੱਕਰ
ਮਾਛੀਵਾੜਾ, 2 ਅਪਰੈਲ
ਲੌਕਡਾਊਨ ਦੌਰਾਨ ਤਕਰੀਬਨ 2 ਮਹੀਨੇ ਲਗਾਤਾਰ ਨਾਮਧਾਰੀ ਮੁਖੀ ਸਤਿਗੁਰੂ ਉਦੇੈ ਸਿੰਘ ਸਦਕਾ ਨਾਮਧਾਰੀ ਸੰਗਤਾਂ ਵਲੋਂ ਰੋਜ਼ਾਨਾ ਲੱਖਾਂ ਲੋੜਵੰਦ ਪਰਿਵਾਰਾਂ ਤੱਕ ਲੰਗਰ ਤੇ ਸੁੱਕੇ ਰਾਸ਼ਨ ਦੀ ਸੇਵਾ ਕੀਤੀ ਗਈ, ਜਿਸ ਦਾ ਧੰਨਵਾਦ ਕਰਨ ਲਈ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਸਿਆਸੀ ਸਲਾਹਕਾਰ ਹਲਕਾ ਦਾਖਾ ਦੇ ਇੰਚਾਰਜ ਕੈਪਟਨ ਸੰਦੀਪ ਸੰਧੂ ਭੈਣੀ ਸਾਹਿਬ ਵਿਖੇ ਪੁੱਜੇ। ਇਸ ਦੌਰਾਨ ਉਨ੍ਹਾਂ ਮੁੱਖ ਮੰਤਰੀ ਵਲੋਂ ਉਦੈ ਸਿੰਘ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਭੈਣੀ ਸਾਹਿਬ ਦੀ ਹਾਕੀ ਐਸਟਰੋਟਰਫ ਲਈ ਜੋ 50 ਲੱਖ ਰੁਪਏ ਦੀ ਰਾਸ਼ੀ ਮਨਜ਼ੂਰ ਕੀਤੀ ਗਈ ਸੀ ਉਹ ਕਿਸੇ ਕਾਰਨ ਵਾਪਸ ਚਲੀ ਗਈ ਹੈ, ਜਿਸ ਨੂੰ ਜਲਦ ਰਿਲੀਜ਼ ਕੀਤਾ ਜਾਵੇਗਾ। ਇਸ ਮੌਕੇ ਕੈਪਟਨ ਸੰਧੂ ਨੇ ਉਨ੍ਹਾਂ ਦੀ ਅਗਵਾਈ ’ਚ ਚੱਲ ਰਹੀ ਬੁੱਢੇ ਨਾਲੇ ਦੀ ਸਫ਼ਾਈ ਸਬੰਧੀ ਚਰਚਾ ਕੀਤੀ। ਸਤਿਗੁਰੂ ਉਦੈ ਸਿੰਘ ਨੇ ਆਖਿਆ ਕਿ ਬੁੱਢੇ ਨਾਲੇ ਦੀ ਸਫ਼ਾਈ ’ਚ ਸਰਕਾਰ ਦੇ ਨਾਲ-ਨਾਲ ਸਭ ਨੂੰ ਸਹਿਯੋਗ ਦੇਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਡੇਅਰੀ ਵਾਲਿਆਂ ਨੂੰ ਜੋ ਗੋਹਾ ਸੁੱਟਣ ਦੀ ਸਮੱਸਿਆ ਆ ਰਹੀ ਹੈ ਉਸ ਦਾ ਸਰਕਾਰ ਵਲੋਂ ਜਲਦ ਹੱਲ ਹੋਣਾ ਚਾਹੀਦਾ ਹੈ ਤਾਂ ਜੋ ਸਫ਼ਾਈ ਸੇਵਾ ਨੂੰ ਨੇਪਰੇ ਚਾੜ੍ਹਿਆ ਜਾ ਸਕੇ। ਇਸ ਮੌਕੇ ਸੋਨੀ ਗਾਲਬਿ, ਐੱਸ.ਡੀ.ਐੱਮ ਮੱਲੀ ਵੀ ਮੌਜੂਦ ਸਨ।