ਸਤਵਿੰਦਰ ਬਸਰਾ
ਲੁਧਿਆਣਾ, 2 ਅਪਰੈਲ
ਗੁਰੂ ਅੰਗਦ ਦੇਵ ਵੈਟਰਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ ਦੇ ਉਪ ਕੁਲਪਤੀ ਡਾ. ਇੰਦਰਜੀਤ ਸਿੰਘ ਅਤੇ ਯੂਨੀਵਰਸਿਟੀ ਅਧਿਕਾਰੀਆਂ ਨੇ ‘ਸੂਖਮ ਜੀਵ ਵਿਰੋਧੀ ਪ੍ਰਤੀਰੋਧਕ ਸਮਰੱਥਾ’ ਵਿਸ਼ੇ ’ਤੇ ਜਾਗਰੂਕਤਾ ਦੇਣ ਹਿੱਤ ਇੱਕ ਪੁਸਤਕ ਲੋਕ ਅਰਪਣ ਕੀਤੀ। ਇਹ ਪੁਸਤਕ ਭਾਰਤੀ ਖੇਤੀ ਖੋਜ ਪਰਿਸ਼ਦ ਦੇ ਪ੍ਰਾਜੈਕਟ ਐਂਟੀਬਾਉਟਿਕ ਪ੍ਰਤੀਰੋਧ ਸਮਰੱਥਾ ਅਧੀਨ ਚਲਾਏ ਜਾ ਰਹੇ ਖੋਜ ਕਾਰਜ ਰਾਹੀਂ ਤਿਆਰ ਕੀਤੀ ਗਈ ਹੈ। ਇਹ ਪੁਸਤਕ ‘ਸੂਖਮ ਜੀਵ ਪ੍ਰਤੀਰੋਧ ਸਮਰੱਥਾ’ ਕਿਵੇਂ ਮਨੁੱਖਾਂ ਅਤੇ ਜਾਨਵਰਾਂ ਲਈ ਖ਼ਤਰਾ ਬਣ ਰਹੀ ਹੈ, ਬਾਰੇ ਜਾਣਕਾਰੀ ਦਿੰਦੀ ਹੈ। ਜ਼ਿਕਰਯੋਗ ਹੈ ਕਿ ਵੈਟਰਨਰੀ ਯੂਨੀਵਰਸਿਟੀ ਦੇ ਪ੍ਰਬੰਧਕੀ ਬੋਰਡ ਦੀ 50ਵੀਂ ਮੀਟਿੰਗ ਦੌਰਾਨ ਇਸ ਪੁਸਤਕ ਨੂੰ ਲੋਕ ਅਰਪਣ ਕੀਤਾ ਗਿਆ। ਡਾ. ਇੰਦਰਜੀਤ ਸਿੰਘ ਨੇ ਕਿਹਾ ਕਿ ਇਹ ਪੁਸਤਕ, ਇਸ ਖੇਤਰ ਵਿਚ ਕੰਮ ਕਰਦੇ ਵੈਟਰਨਰੀ ਡਾਕਟਰਾਂ ਅਤੇ ਵਿਦਿਆਰਥੀਆਂ ਲਈ ਬਹੁਤ ਵਧੀਆ ਦਸਤਾਵੇਜ਼ ਸਾਬਤ ਹੋਏਗੀ। ਉਨ੍ਹਾਂ ਨੇ ਯੂਨੀਵਰਸਿਟੀ ਦੇ ਮਾਇਕਰੋਬਾਇਓਲੋਜੀ ਵਿਭਾਗ ਅਤੇ ਵਨ ਹੈਲਥ ਸੈਂਟਰ ਦੀ ਪ੍ਰਸ਼ੰਸਾ ਕੀਤੀ, ਜਿਨ੍ਹਾਂ ਦੇ ਸਾਂਝੇ ਯਤਨ ਨਾਲ ਇਹ ਪੁਸਤਕ ਤਿਆਰ ਹੋ ਸਕੀ। ਇਸ ਪ੍ਰਾਜੈਕਟ ਦੇ ਮੁੱਖ ਨਿਰੀਖਕ ਅਤੇ ਕੰਟਰੋਲਰ ਪ੍ਰੀਖਿਆਵਾਂ ਡਾ. ਏ ਕੇ ਅਰੋੜਾ ਨੇ ਦੱਸਿਆ ਕਿ ਇਸ ਵਿਸ਼ੇ ਸਬੰਧੀ ਬੁਨਿਆਦੀ ਜਾਣਕਾਰੀ ਲੈਣ ਲਈ ਅਤੇ ਪ੍ਰਤੀਰੋਧ ਸਮਰੱਥਾ ਦੇ ਵੱਖੋ-ਵੱਖਰੇ ਕਾਰਕਾਂ ਬਾਰੇ ਚਾਨਣਾ ਪਾਉਣ ਲਈ ਇਹ ਬਹੁਤ ਵਧੀਆ ਗਿਆਨ ਹੈ। ਨਿਰਦੇਸ਼ਕ ਵਨ ਹੈਲਥ ਕੇਂਦਰ ਡਾ. ਜਸਬੀਰ ਸਿੰਘ ਬੇਦੀ ਨੇ ਕਿਹਾ ਕਿ ਇਸ ਕੇਂਦਰ ਦੀ ਸਾਰੀ ਖੋਜ ਟੀਮ ਮਹਾਮਾਰੀ ਵਿਗਿਆਨ ਸਬੰਧੀ ਜਾਗਰੂਕਤਾ ਦੀ ਖੋਜ ਬਾਰੇ ਲਗਾਤਾਰ ਕਾਰਜਸ਼ੀਲ ਹੈ।