ਪੱਤਰ ਪ੍ਰੇਰਕ
ਚੰਡੀਗੜ੍ਹ, 2 ਮਾਰਚ
ਕੇਂਦਰ ਵਿਚਲੀ ਮੋਦੀ ਸਰਕਾਰ ਵੱਲੋਂ ਬਣਾਏ ਗਏ ਖੇਤੀ ਕਾਨੂੰਨਾਂ ਦੇ ਵਿਰੁੱਧ ਦੇਸ਼ਿਵਆਪੀ ਕਿਸਾਨ ਅੰਦੋਲਨ ਦੇ ਨਾਮ ਕਵਿਤਾਵਾਂ ਦੀ ਸ਼ਾਮ ਪ੍ਰੋਗਰਾਮ ਵਿੱਚ ਅੱਜ ਪੀ.ਜੀ.ਆਈ. ਨੇੜਲੇ ਚੌਕ ਵਿੱਚਕਾਰ ਵੱਖ-ਵੱਖ ਜਥੇਬੰਦੀਆਂ ਨਾਲ ਸਬੰਧਿਤ ਨੁਮਾਇੰਦਿਆਂ ਨੇ ਸ਼ਿਰਕਤ ਕੀਤੀ।
ਕਵਿਤਾਵਾਂ ਦੀ ਸ਼ਾਮ ਪ੍ਰੋਗਰਾਮ ਵਿੱਚ ਅੰਤਰਪ੍ਰੀਤ, ਐਮੀ ਸਿੰਘ, ਮਨਹੀਰ, ਜਗਜੀਤ ਕੌਰ ਨਿੱਕੀ, ਹਰਿੰਦਰ ਫਿਰਾਕ, ਸੁਖਵਿੰਦਰ ਸੁੱਖੀ, ਰਾਜਵੰਤ ਕੌਰ, ਪਰਮਵੀਰ ਸਿੰਘ ਆਦਿ ਨੇ ਆਪੋ-ਆਪਣੀਆਂ ਕਵਿਤਾਵਾਂ, ਗੀਤਾਂ ਤੇ ਹੋਰ ਰਚਨਾਵਾਂ ਰਾਹੀਂ ਖੇਤੀ ਕਾਨੂੰਨਾਂ ਦਾ ਤਿੱਖਾ ਵਿਰੋਧ ਪ੍ਰਗਟਾਇਆ ਅਤੇ ਕਿਸਾਨ ਅੰਦੋਲਨ ਦਾ ਸਮਰਥਨ ਕੀਤਾ। ਵੱਖ-ਵੱਖ ਕਵੀਆਂ ਵੱਲੋਂ ਇਨਕਲਾਬੀ ਕਵਿਤਾਵਾਂ ਰਾਹੀਂ ਕਿਸਾਨ ਅੰਦੋਲਨ ਵਿੱਚ ਜੋਸ਼ ਭਰਿਆ ਗਿਆ ਅਤੇ ਦਰਸਾਇਆ ਗਿਆ ਕਿ ਮੋਦੀ ਸਰਕਾਰ ਦੇ ਕਿਸਾਨੀ ਉਤੇ ਕੀਤੇ ਜਾ ਰਹੇ ਜਬਰ-ਜ਼ੁਲਮ ਦਾ ਟਾਕਰਾ ਪੰਜਾਬ ਅਤੇ ਹਰਿਆਣਾ ਵੱਲੋਂ ਮਿਲ ਕੇ ਕੀਤਾ ਜਾਵੇਗਾ।
ਤਬਲੇ ਦੀ ਥਾਪ ’ਤੇ ਕਵੀਆਂ ਨੇ ਇੱਕਸੁਰ ਹੋ ਕੇ ‘ਦੁਨੀਆਂ ਜਿਹਨੂੰ ਤਖ਼ਤ ਬਿਠਾਵੇ, ਜੇ ਉਹ ਵਤਨ ਵੇਚ ਕੇ ਖਾਵੇ, ਮਜ਼ਲੂਮਾਂ ’ਤੇ ਜ਼ੁਲਮ ਕਮਾਵੇ, ਸਿਰ ’ਤੇ ਰੱਖ ਕੇ ਤਾਜ, ਓਸ ਕੌਮ ਦੀਆਂ ਚਿੜੀਆਂ ਨੂੰ ਫਿਰ ਬਣਨਾ ਪੈਂਦਾ ਬਾਜ਼’ ਵਰਗੀਆਂ ਇਨਕਲਾਬੀ ਕਵਿਾਤਾਵਾਂ ਬੋਲ ਕੇ ਪ੍ਰੋਗਰਾਮ ਵਿੱਚ ਖੂਬ ਜੋਸ਼ ਭਰਿਆ ਅਤੇ ਮੋਦੀ ਸਰਕਾਰ ਨੂੰ ਖੂਬ ਰਗੜੇ ਲਾਏ ਅਤੇ ‘ਇਨਕਲਾਬ ਜ਼ਿੰਦਾਬਾਦ’, ਮੋਦੀ ਸਰਕਾਰ ਮੁਰਦਾਬਾਦ ਦੇ ਨਾਅਰੇ ਵੀ ਲਗਾਉਂਦਿਆਂ ਕਿਹਾ ਕਿ ਮੋਦੀ ਸਰਕਾਰ ਦੇ ਅੰਬਾਨੀਆਂ ਅਡਾਨੀਆਂ ਦੇ ਹੱਥ ਖੇਤੀ ਫੜਾਉਣ ਦੇ ਮਨਸੂਬੇ ਕਾਮਯਾਬ ਨਹੀਂ ਹੋਣ ਦਿੱਤੇ ਜਾਣਗੇ। ਉਨ੍ਹਾਂ ਕਿਸਾਨ ਵਿਰੋਧੀ ਖੇਤੀ ਕਾਨੂੰਨ ਤੁਰੰਤ ਵਾਪਿਸ ਲੈਣ ਦੀ ਮੰਗ ਕੀਤੀ। ਪੀ.ਜੀ.ਆਈ. ਚੌਂਕ ਵਿੱਚ ਕਵਿਤਾਵਾਂ ਦੀ ਸ਼ਾਮ ਦਿੱਲੀ ਵਿੱਚ ਚੱਲ ਰਹੇ ਕਿਸਾਨ ਅੰਦੋਲਨ ਦੇ ਨਾਮ ਪ੍ਰੋਗਰਾਮ ਤਹਿਤ ਕਵਿਤਾਵਾਂ ਪੇਸ਼ ਕਰਦੇ ਹੋਏ।