ਖੇਤਰੀ ਪ੍ਰਤੀਨਿਧ
ਲੁਧਿਆਣਾ, 16 ਨਵੰਬਰ
ਸਰਕਾਰੀ ਪ੍ਰਾਇਮਰੀ ਸਕੂਲ, ਮੋਤੀ ਨਗਰ, ਸੈਕਟਰ-39 ਵਿੱਚ ਵਿਦਿਆਰਥੀਆਂ ਵਿੱਚ ਸਾਂਝੀ ਵਾਲਤਾ ਦਾ ਸੁਨੇਹਾ ਦੇਣ ਲਈ ਸਮੂਹ ਸਟਾਫ ਵੱਲੋਂ ਜਗਤ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਦਿਹਾੜੇ ਨੂੰ ਸ਼ਰਧਾ ਨਾਲ ਮਨਾਇਆ ਗਿਆ। ਸਕੂਲ ਮੁਖੀ ਸੁਖਧੀਰ ਸਿੰਘ ਸੇਖੋਂ ਨੇ ਦੱਸਿਆ ਕਿ ਗੁਰੂ ਸਾਹਿਬ ਦੀਆਂ ਸਿੱਖਿਆਵਾਂ ਕਿਰਤ ਕਰੋ, ਨਾਮ ਜਪੋ ਅਤੇ ਵੰਡ ਛਕੋ ਦੇ ਨਾਲ-ਨਾਲ ਕੁਦਰਤ ਨਾਲ ਪਿਆਰ ਕਰਨ ਸਬੰਧੀ ਵਿਦਿਆਰਥੀਆਂ ਨੂੰ ਜਾਗਰੂਕ ਕਰਨ ਹਿੱਤ ਇਹ ਵਿਸ਼ੇਸ਼ ਉਪਰਾਲਾ ਕੀਤਾ ਗਿਆ ਹੈ। ਇਸ ਮੌਕੇ ਵਿਸ਼ੇਸ਼ ਤੌਰ ’ਤੇ ਪਹੁੰਚੇ ਕਾਊਂਸਲਰ ਵਨੀਤ ਭਾਟੀਆ ਅਤੇ ਬੀਪੀਈਓ ਮਾਂਗਟ-2 ਨੇ ਸਟਾਫ ਵੱਲੋਂ ਕੀਤੇ ਗਏ ਇਸ ਉਪਰਾਲੇ ਦੀ ਸ਼ਲਾਘਾ ਕਰਦਿਆਂ ਗੁਰੂ ਸਾਹਿਬ ਦੀਆਂ ਸਿਖਿਆਵਾਂ ਨੂੰ ਅੱਜ ਦੇ ਸਮੇਂ ਦੀ ਵੱਡੀ ਲੋੜ ਦੱਸਿਆ। ਉਨ੍ਹਾਂ ਕਿਹਾ ਕਿ ਸਕੂਲ ਪੱਧਰ ’ਤੇ ਅਜਿਹੇ ਸਮਾਗਮ ਆਪਸੀ ਸਾਂਝ ਅਤੇ ਭਾਈਚਾਰਾ ਵਧਾਉਣ ਵਿੱਚ ਸਹਾਈ ਹੁੰਦੇ ਹਨ। ਇਸ ਮੌਕੇ ਹੋਰਨਾਂ ਤੋਂ ਇਲਾਵਾ ਭੂਸ਼ਣ ਲਾਲ ਖੰਨਾ, ਸਨਮਦੀਪ ਕੌਰ, ਕਿਸ਼ਨ ਸਿੰਘ, ਮਨਦੀਪ ਕੌਰ, ਜਤਿੰਦਰ ਕੌਰ, ਜਿੰਦਰਪਾਲ ਕੌਰ ਆਦਿ ਹਾਜ਼ਰ ਸਨ।