ਪੱਤਰ ਪ੍ਰੇਰਕ
ਯਮੁਨਾਨਗਰ, 28 ਮਈ
ਕੌਮਾਂਤਰੀ ਤੰਬਾਕੂ ਰਹਿਤ ਦਿਵਸ ਮੌਕੇ ਡੀਏਵੀ ਡੈਂਟਲ ਕਾਲਜ ਵੱਲੋਂ ਕਾਲੇਸਰ ਵਿੱਚ ਦੰਦਾਂ ਦਾ ਜਾਂਚ ਅਤੇ ਤੰਬਾਕੂ ਮੁਕਤੀ ਕੈਂਪ ਲਗਾਇਆ ਗਿਆ। ਕੈਂਪ ਵਿੱਚ 200 ਤੋਂ ਵੱਧ ਮਰੀਜ਼ਾਂ ਦੇ ਦੰਦਾਂ ਦੀ ਜਾਂਚ ਕੀਤੀ ਗਈ ਅਤੇ ਹਾਜ਼ਰ ਲੋਕਾਂ ਨੂੰ ਤੰਬਾਕੂ, ਬੀੜੀ, ਸਿਗਰਟ ਅਤੇ ਗੁਟਕੇ ਦੇ ਮਾੜੇ ਪ੍ਰਭਾਵਾਂ ਤੋਂ ਜਾਣੂ ਕਰਵਾਇਆ| ਇਸ ਦੌਰਾਨ ਡਾ. ਸੁਮਿਤ ਭਾਟੀਆ ਨੇ ਕਿਹਾ ਕਿ ਤੰਬਾਕੂ ਦਾ ਸੇਵਨ ਕਰਕੇ ਜਿੱਥੇ ਪੈਸੇ ਦੀ ਬਰਬਾਦੀ ਕੀਤੀ ਜਾਂਦੀ ਹੈ ਉਥੇ ਹੀ ਲੋਕ ਆਪਣੇ ਸਰੀਰ ਨੂੰ ਵੀ ਖਰਾਬ ਕਰਦੇ ਹਨ। ਇਸ ਲਈ ਸਰੀਰਕ ਤੰਦਰੁਸਤੀ ਲਈ ਇਨ੍ਹਾਂ ਤੋਂ ਦੂਰੀ ਬਣਾ ਕੇ ਰੱਖਣੀ ਚਾਹੀਦੀ ਹੈ। ਇਸ ਦੌਰਾਨ ਡੈਂਟਲ ਕਾਲਜ ਦੇ ਵਿਦਿਆਰਥੀਆਂ ਨੇ ਕੈਂਪ ਵਿੱਚ ਹਾਜ਼ਰ ਪਿੰਡ ਵਾਸੀਆਂ ਨੂੰ ਤੰਬਾਕੂ, ਬੀੜੀ, ਸਿਗਰਟ ਅਤੇ ਗੁਟਕੇ ਦੇ ਨੁਕਸਾਨਦੇਹ ਪ੍ਰਭਾਵਾਂ ਤੋਂ ਜਾਣੂ ਕਰਵਾਉਣ ਲਈ ਇੱਕ ਨੁੱਕੜ ਨਾਟਕ ਵੀ ਖੇਡਿਆ।
ਨਾਟਕ ਦੀ ਪੇਸ਼ਕਾਰੀ ਵਿੱਚ ਡਾ. ਮੋਨੀਆ ਸ਼ਰਮਾ, ਡਾ. ਮਯੰਕ ਜੈਨ ਅਤੇ ਡਾ. ਸੁਮਿਤ ਭਾਟੀਆ ਵੱਲੋਂ ਅਹਿਮ ਭੂਮਿਕਾ ਨਿਭਾਈ ਗਈ। ਪਿੰਡ ਦੇ ਸਰਪੰਚ ਰਵਿੰਦਰ ਨੇ ਕਾਲਜ ਸਟਾਫ਼ ਮੈਂਬਰਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਅਜਿਹੇ ਕੈਂਪਾਂ ਦੀ ਫੌਰੀ ਲੋੜ ਹੈ ਤਾਂ ਜੋ ਆਮ ਲੋਕ ਸਮੇਂ ਸਿਰ ਦੰਦਾਂ ਨਾਲ ਸਬੰਧਤ ਸਮੱਸਿਆਵਾਂ ਤੋਂ ਜਾਣੂ ਹੋ ਸਕਣ ਅਤੇ ਆਪਣਾ ਇਲਾਜ ਸਮੇਂ ਸਿਰ ਕਰਵਾਇਆ ਜਾ ਸਕੇ।