ਨਿੱਜੀ ਪੱਤਰ ਪ੍ਰੇਰਕ
ਸ੍ਰੀ ਮੁਕਤਸਰ ਸਾਹਿਬ, 17 ਨਵੰਬਰ
ਮਾਲਵਾ ਖੇਤਰ ਲਈ ਪੀਣ ਵਾਲੇ ਪਾਣੀ ਦਾ ਇਕੋ-ਇਕ ਸਿੰਚਾਈ ਸਾਧਨ ਸਰਹਿੰਦ ਫੀਡਰ ਵਿੱਚੋਂ ਸਿੰਮਦੇ ਪਾਣੀ ਨੂੰ ਰੋਕਣ ਲਈ ਕੀਤੀ ਜਾ ਰਹੀ ਰੀਲਾਈਨਿੰਗ ਕਾਰਨ ਨਹਿਰ ਵਿਭਾਗ ਵੱਲੋਂ ਮੁਕਤਸਰ, ਫਰੀਦਕੋਟ, ਬਠਿੰਡਾ ਤੇ ਅਬੋਹਰ ਜ਼ਿਲ੍ਹਿਆਂ ਵਿੱਚ 35 ਦਿਨਾਂ ਲਈ ਪਾਣੀ ਦੀ ਬੰਦੀ ਦਾ ਐਲਾਨ ਕੀਤਾ ਗਿਆ ਹੈ। ਵਿਭਾਗ ਅਨੁਸਾਰ ਇਹ ਬੰਦੀ 22 ਨਵੰਬਰ ਤੋਂ 27 ਦਸੰਬਰ ਤੱਕ ਰਹੇਗੀ ਪਰ ਸੂਤਰਾਂ ਅਨੁਸਾਰ ਇਹ ਬੰਦੀ ਹੋਰ ਵੀ ਕਈ ਦਿਨਾਂ ਲਈ ਵਧ ਸਕਦੀ ਹੈ। ਇਸ ਸਮੇਂ ਦੌਰਾਨ ਸਰਹੰਦ ਫੀਡਰ ਨਹਿਰ ਦੀ ਬੁਰਜੀ 157306 ਜੋ ਫਰੀਦਕੋਟ ਜ਼ਿਲ੍ਹੇ ਦੇ ਪਿੰਡ ਮਚਾਕੀ ਮੱਲ ਸਿੰਘ ਕੋਲ ਹੈ, ਤੋਂ ਪਾਣੀ ਬੰਦ ਕੀਤਾ ਜਾਵੇਗਾ। ਇਸ ਤਰ੍ਹਾਂ ਸਰਹਿੰਦ ਫੀਡਰ ਨਹਿਰ ਵਿੱਚੋਂ ਨਿਕਲਣ ਵਾਲੀਆਂ ਨਹਿਰਾਂ ਜਿਨ੍ਹਾਂ ਵਿੱਚ ਅਬੋਹਰ ਨਹਿਰ ਮੰਡਲ, ਅਬੋਹਰ ਬਰਾਂਚ, ਮਲੂਕਪੁਰ ਡਿਸਟਰੀ, ਰਾਮਸਰਾ ਮਾਈਨਰ, ਦੋਲਤਪੁਰਾ ਮਾਈਨਰ, ਪੰਜਾਵਾ, ਦੋਦਾ, ਮਲੋਟ, ਲਾਲਬਾਈ, ਸੁਖਚੈਨ, ਲੰਬੀ, ਮੁਕਤਸਰ, ਅਰਨੀਵਾਲਾ, ਭਾਗਸਰ ਅਤੇ ਆਲਾਮਵਾਲ ਆਦਿ ਨਹਿਰਾਂ ਸ਼ਾਮਲ ਹਨ ਬੰਦ ਰਹਿਣਗੀਆਂ। ਇਸ ਤਰ੍ਹਾਂ ਇਨ੍ਹਾਂ ਨਹਿਰਾਂ ਅਧੀਨ ਪੈਂਦੇ ਖੇਤਰ ਵਿੱਚ ਨਹਿਰੀ ਪਾਣੀ ਦੀ ਬੰਦੀ ਰਹੇਗੀ। ਅਬੋਹਰ ਕੈਨਾਲ ਮੰਡਲ ਦੇ ਕਾਰਜਕਾਰੀ ਇੰਜਨੀਅਰ ਵੱਲੋਂ ਬੰਦੀ ਖੇਤਰ ਵਿੱਚ ਪੀਣ ਵਾਲੇ ਪਾਣੀ ਦੀ ਬੰਦੀ ਹੋਣ ਕਾਰਨ ਜਲਘਰਾਂ ਵਿੱਚ ਪਾਣੀ ਸਟੋਰ ਕਰਨ ਦੀ ਹਦਾਇਤ ਕੀਤੀ ਹੈ।