ਪੱਤਰ ਪ੍ਰੇਰਕ
ਨਵੀਂ ਦਿੱਲੀ, 5 ਜੁਲਾਈ
ਪੱਛਮੀ ਦਿੱਲੀ ਦੇ ਤਿਲਕ ਨਗਰ ਖੇਤਰ ਵਿੱਚ ਇੱਕ ਵਿਅਕਤੀ ਨੂੰ ਚਾਕੂ ਮਾਰਨ ਦੇ ਦੋਸ਼ ਹੇਠ ਪੁਲੀਸ ਨੇ ਸੌਰਵ (23), ਗੋਲੂ (27) ਤੇ ਵਿਜੇ (25) ਨੂੰ ਗ੍ਰਿਫ਼ਤਾਰ ਕੀਤਾ ਹੈ। ਮੁਲਜ਼ਮਾਂ ਦਾ ਇਸ ਸਾਲ ਹੋਲੀ ਦੌਰਾਨ ਕਰਿਆਨੇ ਦੀ ਦੁਕਾਨ ਦੇ ਮਾਲਕ ਅਸ਼ੋਕ ਗੁਪਤਾ ਨਾਲ ਝਗੜਾ ਹੋਇਆ ਸੀ ਤੇ ਬਦਲਾ ਲੈਣ ਲਈ ਹੁਣ ਉਸ ਨੂੰ ਚਾਕੂ ਮਾਰ ਦਿੱਤਾ। ਗੁਪਤਾ ਨੂੰ ਦੀਨ ਦਿਆਲ ਉਪਾਧਿਆਏ ਹਸਪਤਾਲ ਲਿਜਾਇਆ ਗਿਆ। ਪੁਲੀਸ ਅਧਿਕਾਰੀ ਨੇ ਕਿਹਾ ਕਿ ਇਸ ਸਬੰਧੀ ਤਿੰਨ ਹੋਰ ਮੁਲਜ਼ਮਾਂ ਨੂੰ ਕਾਬੂ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਪਹਿਲੀ ਜੁਲਾਈ ਨੂੰ ਗੁਪਤਾ ਆਪਣੇ ਘਰ ਦੇ ਸਾਹਮਣੇ ਬੈਠਾ ਸੀ, ਜਦੋਂ ਛੇ ਆਦਮੀ ਦੋਪਹੀਆ ਵਾਹਨਾਂ ’ਤੇ ਆਏ। ਉਨ੍ਹਾਂ ਵਿੱਚੋਂ ਇਕ ਨੇ ਦੇਸੀ ਪਿਸਤੌਲ ਚਲਾਉਣ ਦੀ ਕੋਸ਼ਿਸ਼ ਕੀਤੀ ਤੇ ਦੂਜੇ ਨੇ ਗੁਪਤਾ ’ਤੇ ਚਾਕੂ ਨਾਲ ਵਾਰ ਕਰ ਦਿੱਤਾ। ਛੇ ਮੁਲਜ਼ਮਾਂ ਵਿੱਚੋਂ ਤਿੰਨ ਦੀ ਗੁਪਤਾ ਵੱਲੋਂ ਪਛਾਣ ਕੀਤੀ ਜਾ ਚੁੱਕੀ ਹੈ।