ਸ਼ਿਮਲਾ, 2 ਮਾਰਚ
ਕਾਂਗਰਸ ਨੇ ਅੱਜ ਪਾਰਟੀ ਦੇ ਮੁਅੱਤਲ ਕੀਤੇ ਪੰਜ ਵਿਧਾਇਕਾਂ ਨੂੰ ਬਹਾਲ ਕਰਨ ਦੀ ਮੰਗ ’ਤੇ ਹਿਮਾਚਲ ਪ੍ਰਦੇਸ਼ ਵਿਧਾਨ ਸਭਾ ਤੋਂ ਵਾਕਆਊਟ ਕੀਤਾ ਜਦਕਿ ਮੁੱਖ ਮੰਤਰੀ ਜੈਰਾਮ ਠਾਕੁਰ ਨੇ ਮੰਗ ਦਾ ਵਿਰੋਧ ਕਰਦਿਆਂ ਕਿਹਾ ਕਿ ਰਾਜਪਾਲ ਨਾਲ ਖਿੱਚ-ਧੂਹ ਮੁਆਫ਼ ਨਾ ਕਰਨ ਯੋਗ ਕਾਰਵਾਈ ਹੈ।
ਵਿਧਾਨ ਸਭਾ ’ਚ ਅੱਜ ਕਾਂਗਰਸ ਦੇ ਵਿਧਾਇਕ ਸੁਖਵਿੰਦਰ ਸਿੰਘ ਸੁੱਖੂ ਨੇ ਇਸ ਮੁੱਦੇ ਵੱਲ ਧਿਆਨ ਦਿਵਾਉਂਦਿਆਂ ਮੰਗ ਕੀਤੀ ਉਨ੍ਹਾਂ ਦੀ ਪਾਰਟੀ ਦੇ ਮੁਅੱਤਲ ਕੀਤੇ ਵਿਧਾਇਕਾਂ ਨੂੰ ਬਹਾਲ ਕੀਤਾ ਜਾਣਾ ਚਾਹੀਦਾ ਹੈ। ਉਨ੍ਹਾਂ ਆਪਣੀ ਪਾਰਟੀ ਦੇ ਵਿਧਾਇਕਾਂ ’ਤੇ ਲਾਏ ਗਏ ਦੋਸ਼ਾਂ ਦਾ ਖੰਡਨ ਕੀਤਾ ਤੇ ਦਾਅਵਾ ਕੀਤਾ ਕਿ ਡਿਪਟੀ ਸਪੀਕਰ ਹੰਸਰਾਜ ਤੇ ਸੰਸਦੀ ਮਾਮਲਿਆਂ ਬਾਰੇ ਮੰਤਰੀ ਸੁਰੇਸ਼ ਭਾਰਦਵਾਜ ਨੇ ਸ਼ੁੱਕਰਵਾਰ ਨੂੰ ਕਾਂਗਰਸ ਦੇ ਵਿਧਾਇਕਾਂ ਨਾਲ ਖਿੱਚ-ਧੂਹ ਕੀਤੀ ਸੀ। ਉਨ੍ਹਾਂ ਕਿਹਾ ਕਿ ਜੇਕਰ ਉਨ੍ਹਾਂ ਦੇ ਵਿਧਾਇਕਾਂ ਨੂੰ ਬਹਾਲ ਨਾ ਕੀਤਾ ਗਿਆ ਤਾਂ ਉਹ ਸਦਨ ਦੀ ਕਾਰਵਾਈ ਨਹੀਂ ਚੱਲਣ ਦੇਣਗੇ। ਇਸ ’ਤੇ ਪ੍ਰਤੀਕਿਰਿਆ ਦਿੰਦਿਆਂ ਮੁੱਖ ਮੰਤਰੀ ਜੈਰਾਮ ਠਾਕੁਰ ਨੇ ਕਿਹਾ ਕਿ ਰਾਜਪਾਲ ਨਾਲ ਖਿੱਚ-ਧੂਹ ਬਰਦਾਸ਼ਤ ਨਹੀਂ ਕੀਤੀ ਜਾ ਸਕਦੀ ਤੇ ਨਾ ਹੀ ਮੁਆਫ਼ ਕੀਤੀ ਜਾ ਸਕਦੀ ਹੈ। ਉਨ੍ਹਾਂ ਕਿਹਾ ਕਿ ਕਾਨੂੰਨ ਤੋਂ ਉੱਪਰ ਕੋਈ ਵੀ ਨਹੀਂ ਹੈ ਅਤੇ ਇਹ ਸਾਰੀ ਘਟਨਾ ਕੈਮਰਿਆਂ ’ਚ ਰਿਕਾਰਡ ਹੋਈ ਹੈ। ਉਨ੍ਹਾਂ ਕਿਹਾ ਕਿ ਵਿਧਾਨ ਸਭਾ ’ਚ ਵਿਰੋਧੀ ਧਿਰ ਦੇ ਆਗੂ ਨੇ ਰਾਜਪਾਲ ਦੀ ਕਾਰ ਦੇ ਬੋਨਟ ’ਤੇ ਸੱਟ ਮਾਰੀ ਜਦਕਿ ਬਾਕੀ ਕਾਂਗਰਸ ਵਿਧਾਇਕਾਂ ਨੇ ‘ਰਾਜਪਾਲ ਭੱਜ ਗਿਆ, ਰਾਜਪਾਲ ਭੱਜ ਗਿਆ’ ਦੇ ਨਾਅਰੇ ਮਾਰੇ।
ਇਹ ਘਟਨਾ ਸਪੀਕਰ ਦੇ ਦਫ਼ਤਰ ਦੇ ਬਾਹਰ ਉਸ ਸਮੇਂ ਵਾਪਰੀ ਸੀ ਜਦੋਂ ਰਾਜਪਾਲ ਰਾਜ ਭਵਨ ਲਈ ਨਿਕਲ ਰਹੇ ਸੀ। -ਪੀਟੀਆਈ