ਚਰਨਜੀਤ ਸਿੰਘ ਢਿੱਲੋਂ
ਜਗਰਾਉਂ, 16 ਨਵੰਬਰ
ਪੁਲੀਸ ਜ਼ਿਲ੍ਹਾ ਲੁਧਿਆਣਾ (ਦਿਹਾਤੀ) ਦੇ ਸੀਨੀਅਰ ਪੁਲੀਸ ਕਪਤਾਨ ਰਾਜਬਚਨ ਸਿੰਘ ਸੰਧੂ ਦੇ ਦਿਸ਼ਾ ਨਿਰਦੇਸ਼ਾਂ ’ਤੇ ਸਮਾਜ ਵਿਰੋਧੀ ਅਨਸਰਾਂ ਅਤੇ ਨਸ਼ਾ ਤਸਕਰਾਂ ਖ਼ਿਲਾਫ਼ ਆਰੰਭੀ ਮੁਹਿੰੰਮ ਦੇ ਚਲਦਿਆਂ ਥਾਣਾ ਸੀਆਈਏ ਦੀ ਪੁਲੀਸ ਨੇ ਦੋ ਮੁਲਜ਼ਮਾਂ ਨੂੰ ਦੇਸੀ ਪਿਸਟਲਾਂ ਅਤੇ ਕਾਰਤੂਸਾਂ ਸਮੇਤ ਹਿਰਾਸਤ ਵਿੱਚ ਲੈਣ ਦਾ ਦਾਅਵਾ ਕੀਤਾ ਹੈ। ਇਸ ਸਬੰਧੀ ਇੰਸਪੈਕਟਰ ਪ੍ਰੇਮ ਸਿੰਘ ਅਤੇ ਸਬ-ਇੰਸਪੈਕਟਰ ਗੁਰਸੇਵਕ ਸਿੰਘ ਨੇ ਦੱਸਿਆ ਕਿ ਗੁਪਤ ਸੂਚਨਾਂ ਦੇ ਆਧਾਰ ’ਤੇ ਉਨ੍ਹਾਂ ਨੇ ਚੌਂਕੀਮਾਨ ਭੱਠੇ ਵਾਲੀ ਸੜਕ ’ਤੇ ਪੈਦਲ ਆ ਰਹੇ ਨੌਜਵਾਨ ਨੂੰ ਹਿਰਾਸਤ ’ਚ ਲਿਆ, ਜਿਸਦੀ ਪਛਾਣ ਨਵਜੋਤ ਸਿੰਘ ਜੋਤਾ ਉਰਫ ਨਵ ਵਾਸੀ ਪਿੰਡ ਗੁੱੜੇ ਵਜੋਂ ਹੋਈ ਹੈ। ਉਸ ਕੋਲੋਂ ਪੁਲੀਸ ਨੇ ਤਲਾਸ਼ੀ ਦੌਰਾਨ ਇੱਕ ਦੇਸੀ ਪਿਸਟਲ 32 ਬੋਰ ਅਤੇ ਤਿੰਨ ਕਾਰਤੂਸ ਬਰਾਮਦ ਕੀਤੇ ਹਨ। ਦੂਜੀ ਕਾਰਵਾਈ ਥਾਣਾ ਸੀਆਈਏ ਦੇ ਏਐੱਸਆਈ ਰਣਧੀਰ ਸਿੰਘ ਅਤੇ ਪੁਲੀਸ ਪਾਰਟੀ ਵੱਲੋਂ ਕੀਤੀ ਗਈ। ਪੁਲੀਸ ਪਾਰਟੀ ਨੇ ਪਿੰਡ ਸ਼ੇਖੂਪੁਰਾ ਚੌਂਕੀਮਾਨ ਸੜਕ ’ਤੇ ਨਾਕਾ ਲਗਾ ਕੇ ਬੂਟਾ ਸਿੰਘ ਵਾਸੀ ਪਿੰਡ ਦਾਖਾ ਨੂੰ ਗ੍ਰਿਫ਼ਤਾਰ ਕੀਤਾ ਹੈ। ਤਲਾਸ਼ੀ ਦੌਰਾਨ ਮੁਲਜ਼ਮ ਕੋਲੋਂ ਇੱਕ ਪਿਸਤੌਲ 32 ਬੋਰ ਤਿੰਨ ਕਾਰਤੂਸ ਬਰਾਮਦ ਹੋਏ ਹਨ। ਐੱਸ.ਪੀ. ਬਲਵਿੰਦਰ ਸਿੰਘ ਅਤੇ ਡੀ.ਐੱਸ.ਪੀ. ਅਨਿਲ ਭਨੋਟ ਨੇ ਦੱਸਿਆ ਕਿ ਅਦਾਲਤ ’ਚ ਪੇਸ਼ ਕਰਕੇ ਦੋਵਾਂ ਦਾ ਚਾਰ ਦਿਨ ਦਾ ਰਿਮਾਂਡ ਹਾਸਲ ਕੀਤਾ ਗਿਆ ਹੈ। ਦੋਵਾਂ ਤੋਂ ਹਥਿਆਰਾਂ ਦੀ ਸਪਲਾਈ ਅਤੇ ਵਰਤੋਂ ਸਬੰਧੀ ਪੁੱਛਗਿੱਛ ਡੂੰਘਾਈ ਨਾਲ ਕੀਤੀ ਜਾਵੇਗੀ। ਅਧਿਕਾਰੀਆਂ ਨੇ ਵੱਡੇ ਖੁਲਾਸੇ ਹੋਣ ਦੀ ਆਸ ਪ੍ਰਗਟਾਈ ਹੈ।