ਰਾਮ ਕੁਮਾਰ ਮਿੱਤਲ
ਗੂਹਲਾ ਚੀਕਾ, (ਕੈਥਲ), 16 ਅਕਤੂਬਰ
ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਗਦੀਸ਼ ਸਿੰਘ ਝੀਂਡਾ ਗਰੁੱਪ ਦੀ ਮੀਟਿੰਗ ਕੈਥਲ ਦੇ ਗੁਰਦੁਆਰਾ ਨਿੰਮ ਸਾਹਿਬ ਵਿਖੇ ਹੋਈ। ਇਸ ਮੀਟਿੰਗ ਵਿੱਚ ਸਰਬਸੰਮਤੀ ਨਾਲ ਸੱਤ ਮੈਂਬਰਾਂ ਦੀ ਕਮੇਟੀ ਕਾਇਮ ਕੀਤੀ ਗਈ। ਮੀਟਿੰਗ ਦੀ ਪ੍ਰਧਾਨਗੀ ਕਰਦੇ ਹੋਏ ਜਗਦੀਸ਼ ਸਿੰਘ ਝੀਂਡਾ ਨੇ ਦੱਸਿਆ ਕਿ ਇਹ ਕਮੇਟੀ ਜਥੇਦਾਰ ਬਲਜੀਤ ਸਿੰਘ ਦਾਦੂਵਾਲ ਨੂੰ ਹਟਾਉਣ ਲਈ ਬਣਾਈ ਗਈ ਹੈ। ਆਸ ਹੈ ਕਿ ਇਹ ਸੱਤ ਮੈਂਬਰ ਕਮੇਟੀ ਦੀਆਂ ਮੁਸ਼ਕਿਲਾਂ ਦੇ ਹੱਲ ਲਈ ਇਕਜੁੱਟ ਹੋ ਕੇ ਕੰਮ ਕਰਨਗੇ। ਇਸ ਕਮੇਟੀ ਦੀ ਅਗਵਾਈ ਹੇਠ ਐੱਚਐੱਸਜੀਪੀਸੀ ਦਾ ਇਸ ਵੇਲੇ ਕੋਈ ਪ੍ਰਧਾਨ ਨਹੀਂ ਰਹੇਗਾ ਅਤੇ ਜਿਹੜੇ ਵਿਅਕਤੀ ਆਪਣੇ ਆਪ ਨੂੰ ਪ੍ਰਧਾਨ ਦੱਸ ਰਹੇ ਹਨ ਉਨ੍ਹਾਂ ਦੇ ਝੂਠ ਨੂੰ ਠੱਲ੍ਹ ਪਵੇਗੀ। ਦੱਸਣਾ ਬਣਦਾ ਹੈ ਕਿ ਜਗਦੀਸ਼ ਸਿੰਘ ਝੀਂਡਾ ਖੁਦ ਇਸ ਕਮੇਟੀ ਵਿੱਚ ਸ਼ਾਮਲ ਨਹੀਂ ਹੋਏ ਹਨ। ਉਨ੍ਹਾਂ ਕਿਹਾ ਕਿ ਇਹ ਮੈਂਬਰ ਮੁੱਖ ਤੌਰ ’ਤੇ ਦਾਦੂਵਾਲ ਨੂੰ ਹਟਾਉਣ ਲਈ ਕੰਮ ਕਰਨਗੇ। ਕਮੇਟੀ ਦੇ ਸੱਤ ਮੈਂਬਰ ਛੇਤੀ ਹੀ ਇਸ ਮੁੱਦੇ ਨੂੰ ਲੈ ਕੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੂੰ ਮਿਲਣਗੇ। ਅੱਜ ਦੀ ਮੀਟਿੰਗ ਵਿੱਚ 32 ਮੈਂਬਰ ਸ਼ਾਮਲ ਹੋਏ, 25 ਮੌਕੇ ’ਤੇ ਹਾਜ਼ਰ ਸਨ ਜਦਕਿ ਬਾਕੀ ਸੱਤ ਨੇ ਆਪਣੀ ਹਾਜ਼ਰੀ ਫੋਨ ’ਤੇ ਲਗਵਾਈ। ਇਸ ਮੀਟਿੰਗ ਵਿੱਚ ਦੀਵਾਲੀ ਮੌਕੇ 23 ਅਕਤੂਬਰ ਨੂੰ ਕੁਰੂਕਸ਼ੇਤਰ ਦੇ ਛੇਵੀਂ ਪਾਤਸ਼ਾਹੀ ਗੁਰਦੁਆਰੇ ਵਿਖੇ ਸੂਬਾ ਪੱਧਰੀ ਸਮਾਗਮ ਕਰਵਾਉਣ ਸਬੰਧੀ ਰਣਨੀਤੀ ਉਲੀਕੀ ਗਈ। ਇਸ ਜੋੜ ਮੇਲੇ ਦਾ ਨਾਮ ਸੰਗਤ ਸ਼ੁਕਰਾਨਾ ਅਤੇ ਸਨਮਾਨ ਸਮਾਗਮ ਰੱਖਿਆ ਗਿਆ ਹੈ।
ਸ੍ਰੀ ਝੀਂਡਾ ਨੇ ਕਿਹਾ ਕਿ ਜਿਹੜੀ ਸੰਗਤ 20 ਸਾਲਾਂ ਤੋਂ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਬਣਾਉਣ ਲਈ ਸੰਘਰਸ਼ ਵਿੱਚ ਭਾਈਵਾਲ ਰਹੀ ਹੈ, ਉਹ ਸਭ ਸਤਿਕਾਰਯੋਗ ਹਨ। ਉਨ੍ਹਾਂ ਦੱਸਿਆ ਕਿ ਅੱਜ ਕਾਇਮ ਕੀਤੀ ਗਈ ਕਮੇਟੀ ਦੇ ਮੈਂਬਰਾਂ ਵਿੱਚ ਅਵਤਾਰ ਸਿੰਘ ਚੱਕੂ, ਚੰਨਦੀਪ ਸਿੰਘ ਖੁਰਾਣਾ, ਦੀਦਾਰ ਸਿੰਘ ਨਲਵੀ, ਗੁਰਮੀਤ ਸਿੰਘ ਲੋਕੇਵਾਲਾ, ਹਰਪਾਲ ਸਿੰਘ ਪਾਲੀ, ਜਸਬੀਰ ਸਿੰਘ ਭਾਟੀ ਤੇ ਕਰਨੈਲ ਸਿੰਘ ਨਿੰਮਾਬਾਦ ਸ਼ਾਮਲ ਹਨ। ਸ੍ਰੀ ਝੀਂਡਾ ਨੇ ਦੱਸਿਆ ਕਿ ਦੀਵਾਲੀ ਮੌਕੇ 23 ਅਕਤੂਬਰ ਨੂੰ ਕੁਰੂਕਸ਼ੇਤਰ ਵਿੱਚ ਹੋਣ ਵਾਲੇ ਪ੍ਰੋਗਰਾਮ ’ਚ ਸੂਬੇ ਭਰ ਤੋਂ ਆਈ ਸੰਗਤ ਦਾ ਸਨਮਾਨ ਕੀਤਾ ਜਾਵੇਗਾ। ਸਨਮਾਨਿਤ ਹੋਣ ਵਾਲੀ ਸੰਗਤ ਦੀ ਚੋਣ ਦੀ ਜ਼ਿੰੰਮੇਵਾਰੀ ਸਾਰੇ ਜ਼ਿਲ੍ਹਿਆਂ ਦੀ ਸਥਾਨਕ ਇਕਾਈ ਦੀ ਹੋਵੇਗੀ। ਜਿਨ੍ਹਾਂ ਜ਼ਿਲ੍ਹਿਆਂ ਵਿੱਚ ਸਿੱਖ ਸੰਗਤ ਜ਼ਿਆਦਾ ਹੈ, ਉੱਥੋਂ 51-51 ਮੈਂਬਰਾਂ ਨੂੰ ਸਨਮਾਨਿਤ ਕੀਤਾ ਜਾਵੇਗਾ। ਕੈਥਲ, ਕੁਰੂਕਸ਼ੇਤਰ, ਅੰਬਾਲਾ, ਕਰਨਾਲ ਅਤੇ ਸਿਰਸਾ ਤੋਂ 51-51 ਮੈਂਬਰਾਂ ਦੀ ਗਿਣਤੀ ਵਿੱਚ ਸੰਗਤ ਸਮਾਗਮ ਵਿੱਚ ਸ਼ਾਮਲ ਹੋਵੇਗੀ। ਇਸੇ ਤਰ੍ਹਾਂ ਭਿਵਾਨੀ, ਮਹਿੰਦਰਗੜ੍ਹ, ਰੇਵਾੜੀ ਤੋਂ 11 ਮੈਂਬਰ ਜਦਕਿ ਜੀਂਦ ਤੋਂ 21 ਮੈਂਬਰ ਲਏ ਜਾਣਗੇ।