ਮੁੰਬਈ, 1 ਫਰਵਰੀ
ਇਥੋਂ ਦੀ ਅਦਾਲਤ ਨੇ ਗੀਤਕਾਰ ਜਾਵੇਦ ਅਖ਼ਤਰ ਦੀ ਸ਼ਿਕਾਇਤ ’ਤੇ ਅਦਾਕਾਰਾ ਕੰਗਨਾ ਰਣੌਤ ਨੂੰ ਅੱਜ ਸੰਮਨ ਜਾਰੀ ਕੀਤੇ ਹਨ। ਪੁਲੀਸ ਨੇ ਕਿਹਾ ਕਿ ਮਾਣਹਾਨੀ ਦੇ ਦੋਸ਼ ਲੱਗਣ ਕਾਰਨ ਇਸ ਮਾਮਲੇ ’ਚ ਹੋਰ ਅੱਗੇ ਜਾਂਚ ਕੀਤੇ ਜਾਣ ਦੀ ਲੋੜ ਹੈ। ਅੰਧੇਰੀ ਮੈਟਰੋਪਾਲਿਟਨ ਮੈਜਿਸਟਰੇਟ ਨੇ ਪਿਛਲੇ ਸਾਲ ਦਸੰਬਰ ’ਚ ਜੁਹੂ ਪੁਲੀਸ ਨੂੰ ਨਿਰਦੇਸ਼ ਦਿੱਤੇ ਸਨ ਕਿ ਉਹ ਅਖ਼ਤਰ ਵੱਲੋਂ ਕੰਗਨਾ ਖ਼ਿਲਾਫ਼ ਮਾਣਹਾਨੀ ਦੀ ਸ਼ਿਕਾਇਤ ’ਤੇ ਜਾਂਚ ਕਰੇ। ਪੁਲੀਸ ਨੇ ਅੱਜ ਅਦਾਲਤ ’ਚ ਆਪਣੀ ਰਿਪੋਰਟ ਪੇਸ਼ ਕਰ ਦਿੱਤੀ ਜਿਸ ’ਚ ਕਿਹਾ ਗਿਆ ਕਿ ਇਸ ਮਾਮਲੇ ਦੀ ਹੋਰ ਜਾਂਚ ਕਰਨ ਦੀ ਲੋੜ ਹੈ। ਮੈਜਿਸਟਰੇਟ ਆਰ ਆਰ ਖ਼ਾਨ ਨੇ ਰਿਪੋਰਟ ਦੇ ਆਧਾਰ ’ਤੇ ਕੰਗਨਾ ਨੂੰ ਸੰਮਨ ਜਾਰੀ ਕਰ ਦਿੱਤੇ ਅਤੇ ਕੇਸ ਦੀ ਸੁਣਵਾਈ ਪਹਿਲੀ ਮਾਰਚ ਲਈ ਮੁਲਤਵੀ ਕਰ ਦਿੱਤੀ। ਅਖ਼ਤਰ ਦੇ ਵਕੀਲ ਜਯ ਕੁਮਾਰ ਭਾਰਦਵਾਜ ਨੇ ਅਦਾਲਤ ਨੂੰ ਦੱਸਿਆ ਕਿ ਪੁਲੀਸ ਨੇ ਪਿਛਲੇ ਮਹੀਨੇ ਕੰਗਨਾ ਨੂੰ ਸੰਮਨ ਜਾਰੀ ਕਰਕੇ ਬਿਆਨ ਕਲਮਬੰਦ ਕਰਾਉਣ ਲਈ ਕਿਹਾ ਸੀ ਪਰ ਉਸ ਨੇ ਕੋਈ ਜਵਾਬ ਨਹੀਂ ਦਿੱਤਾ ਹੈ। -ਪੀਟੀਆਈ