ਪੱਤਰ ਪ੍ਰੇਰਕ
ਨਿਹਾਲ ਸਿੰਘ ਵਾਲਾ, 28 ਜੁਲਾਈ
ਮੋਗਾ ਨੇੜਲੇ ਪਿੰਡ ਬੁੱਧ ਸਿੰਘ ਵਾਲਾ ਨੇੜੇ ਇੱਕ ਅਧਿਆਪਕ ਦੀ ਅਣਪਛਾਤੇ ਵਿਅਕਤੀਆਂ ਵੱਲੋਂ ਕੀਤੀ ਗਈ ਕੁੱਟਮਾਰ ਕਾਰਨ ਮੌਤ ਹੋ ਗਈ। ਪ੍ਰਾਪਤ ਜਾਣਕਾਰੀ ਅਨੁਸਾਰ ਪਿੰਡ ਚੜਿੱਕ ਵਾਸੀ ਸਾਬਕਾ ਫੌਜੀ ਬੂਟਾ ਸਿੰਘ ਮੋਗਾ ਦੇ ਇੱਕ ਨਿੱਜੀ ਸਕੂਲ ਤੋਂ ਐਕਟਿਵਾ ’ਤੇ ਆਪਣੇ ਪਿੰਡ ਨੂੰ ਪਰਤ ਰਿਹਾ ਸੀ। ਬੁੱਧ ਸਿੰਘ ਵਾਲਾ ਨੇੜੇ ਅਣਪਛਾਤੇ ਵਿਅਕਤੀਆਂ ਨੇ ਉਸ ਨੂੰ ਕਾਰ ਦੀ ਫ਼ੇਟ ਮਾਰ ਕੇ ਹੇਠਾਂ ਸੁੱਟ ਲਿਆ ਅਤੇ ਕੁੱਟਮਾਰ ਕੀਤੀ। ਗੰਭੀਰ ਜ਼ਖ਼ਮੀ ਹੋਏ ਬੂਟਾ ਸਿੰਘ ਨੂੰ ਹਸਪਤਾਲ ਲਿਜਾਂਦੇ ਸਮੇਂ ਉਸ ਦੀ ਮੌਤ ਹੋ ਗਈ। ਥਾਣਾ ਮੁਖੀ ਅਮਨਦੀਪ ਸਿੰਘ ਨੇ ਦੱਸਿਆ ਕਿ ਫੋਰੈਂਸਿਕ ਜਾਂਚ ਲਈ ਸੈਂਪਲ ਲਏ ਗਏ ਹਨ। ਪੁਲੀਸ ਵੱਲੋਂ ਹਮਲਾਵਰਾਂ ਦੀ ਭਾਲ ਕੀਤੀ ਜਾ ਰਹੀ ਹੈ।