ਨਵੀਂ ਦਿੱਲੀ, 28 ਮਈ
ਅਫ਼ਗਾਨਿਸਤਾਨ ਵਿਚ ਅਮਰੀਕੀ ਹਥਿਆਰ ਤੇ ਅਸਲਾ ਇਸਲਾਮਿਕ ਜਹਾਦੀਆਂ ਦੇ ਹੱਥ ਲੱਗਣ ’ਤੇ ਭਾਰਤ ਨੇ ਡੂੰਘੀ ਚਿੰਤਾ ਜ਼ਾਹਿਰ ਕੀਤੀ ਹੈ। ਦੁਸ਼ਾਂਬੇ ਵਿਚ ਇਰਾਨ ਦੀ ਸੁਰੱਖਿਆ ਪਰਿਸ਼ਦ ਦੇ ਸਕੱਤਰ ਅਲੀ ਸ਼ਾਮਖ਼ਾਨੀ ਨਾਲ ਮੁਲਾਕਾਤ ਕਰਦਿਆਂ ਭਾਰਤ ਦੇ ਸੁਰੱਖਿਆ ਸਲਾਹਕਾਰ ਅਜੀਤ ਡੋਵਾਲ ਨੇ ਕਿਹਾ ਕਿ ਅਫ਼ਗਾਨਿਸਤਾਨ ਵਿਚੋਂ ਅਮਰੀਕਾ ਦੇ ਨਿਕਲਣ ਤੋਂ ਬਾਅਦ ਵੱਡੀ ਗਿਣਤੀ ਅਮਰੀਕੀ ਹਥਿਆਰ ਪਿੱਛੇ ਰਹਿ ਗਏ ਹਨ। ਡੋਵਾਲ ਨੇ ਕਿਹਾ, ‘ਇਹ ਹਥਿਆਰ ਹੁਣ ਉੱਥੇ ਅਤਿਵਾਦੀਆਂ ਦੇ ਹੱਥ ਲੱਗ ਗਏ ਹਨ ਜੋ ਕਿ ਸਾਡੇ ਗੁਆਂਢੀਆਂ ਲਈ ਖ਼ਤਰਾ ਬਣ ਗਏ ਹਨ।’ ਐੱਨਐੱਸਏ ਅਜੀਤ ਡੋਵਾਲ ਤਾਜਿਕਿਸਾਨ ਦੀ ਰਾਜਧਾਨੀ ਵਿਚ ਅਫ਼ਗਾਨਿਸਤਾਨ ਦੇ ਮੁੱਦੇ ’ਤੇ ਕੌਮੀ ਸੁਰੱਖਿਆ ਸਲਾਹਕਾਰਾਂ ਦੇ ਖੇਤਰੀ ਸੰਵਾਦ ਵਿਚ ਹਿੱਸਾ ਲੈ ਰਹੇ ਹਨ। ਭਾਰਤ ਤੇ ਇਰਾਨ ਤੋਂ ਇਲਾਵਾ ਇਸ ਵਿਚ ਰੂਸ, ਕਜ਼ਾਖ਼ਸਤਾਨ, ਚੀਨ, ਕਿਰਗਿਜ਼ਸਤਾਨ, ਤਾਜਿਕਿਸਤਾਨ ਤੇ ਉਜ਼ਬੇਕਿਸਤਾਨ ਦੇ ਪ੍ਰਤੀਨਿਧੀ ਵੀ ਹਿੱਸਾ ਲੈ ਰਹੇ ਹਨ। -ਆਈਏਐੱਨਐੱਸ
ਅਫ਼ਗਾਨਿਸਤਾਨ ਨਾਲ ਸੰਵਾਦ ਜਾਰੀ ਰੱਖਣ ’ਤੇ ਜ਼ੋਰ
ਖੇਤਰੀ ਕਾਨਫਰੰਸ ਵਿਚ ਸਾਰੀਆਂ ਧਿਰਾਂ ਨੇ ਅਫ਼ਗਾਨਿਸਤਾਨ ਨਾਲ ਸੰਵਾਦ ਜਾਰੀ ਰੱਖਣ ਤੇ ਉੱਥੇ ਇਕ ਵਿਆਪਕ ਰਾਜਸੀ ਢਾਂਚੇ ਦੀ ਸਥਾਪਤੀ ’ਤੇ ਵੀ ਜ਼ੋਰ ਦਿੱਤਾ ਜਿਸ ਵਿਚ ਸਾਰਿਆਂ ਦੀ ਸ਼ਮੂਲੀਅਤ ਹੋਵੇ। ਅਫ਼ਗਾਨ ਧਿਰਾਂ ਨੂੰ ਵੀ ਸੱਦਾ ਦਿੱਤਾ ਗਿਆ ਕਿ ਉਹ ਮੁਲਕ ਵਿਚੋਂ ਅਤਿਵਾਦੀ ਗਰੁੱਪਾਂ ਦੇ ਖ਼ਾਤਮੇ ਲਈ ਕਦਮ ਚੁੱਕਣ।