ਜੋਗਿੰਦਰ ਸਿੰਘ ਓਬਰਾਏ
ਖੰਨਾ, 1 ਅਪਰੈਲ
ਉੱਘੇ ਵਿੱਦਿਆ ਦਾਨੀ, ਲੋਕ ਲਹਿਰਾਂ ਦੇ ਸੰਘਰਸ਼ਾਂ ’ਚ ਮੋਹਰੀ ਰਹੇ ਅਤੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਸੈਨੇਟਰ ਤੇ ਸਿੰਡੀਕੇਟ ਮੈਂਬਰ ਰਹੇ ਪ੍ਰਿੰਸੀਪਲ ਤਰਸੇਮ ਬਾਹੀਆ ਦਾ ਸਸਕਾਰ ਅੱਜ ਖੰਨਾ ਦੇ ਸ਼ਮਸ਼ਾਨਘਾਟ ਵਿੱਚ ਕੀਤਾ ਗਿਆ। ਕਰੋਨਾ ਲਾਗ ਕਾਰਨ ਬੁੱਧਵਾਰ ਨੂੰ ਉਨ੍ਹਾਂ ਦਾ ਦੇਹਾਂਤ ਹੋ ਗਿਆ ਸੀ।
ਇਸ ਤੋਂ ਪਹਿਲਾਂ ਅੱਜ ਦੁਪਹਿਰ ਤਰਸੇਮ ਬਾਹੀਆ ਦੀ ਮ੍ਰਿਤਕ ਦੇਹ ਲੁਧਿਆਣਾ ਦੇ ਡੀਐੱਮਸੀ ਹਸਪਤਾਲ ਤੋਂ ਐਂਬੂਲੈਂਸ ਰਾਹੀਂ ਸ਼ਮਸ਼ਾਨਘਾਟ ਲਿਆਂਦੀ ਗਈ, ਜਿੱਥੇ ਉਨ੍ਹਾਂ ਦੇ ਪੁੱਤਰ ਪਾਵੇਲ ਬਾਹੀਆ ਨੇ ਚਿਖਾ ਨੂੰ ਅਗਨੀ ਦਿਖਾਈ। ਸਸਕਾਰ ਮੌਕੇ ਡਾ. ਸੁਰਜੀਤ ਸਿੰਘ, ਮੰਗਤ ਰਾਮ ਪਾਸਲਾ, ਸਤਨਾਮ ਸਿੰਘ ਚਾਨਾ, ਡਾ. ਕੁਲਦੀਪ ਸਿੰਘ ਆਦਿ ਹਾਜ਼ਰ ਸਨ। ਉਚੇਰੀ ਸਿੱਖਿਆ ਮੰਤਰੀ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਨੇ ਪ੍ਰੋ. ਕੁਲਵੰਤ ਗਰੇਵਾਲ, ਪ੍ਰਿੰਸੀਪਲ ਤਰਸੇਮ ਬਾਹੀਆ, ਡਾ. ਇੰਦਰਜੀਤ ਸਿੰਘ ਤੇ ਤਾਰਨ ਗੁਜਰਾਲ ਦੇ ਦੇਹਾਂਤ ’ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ।