ਸ਼ਗਨ ਕਟਾਰੀਆ
ਬਠਿੰਡਾ, 16 ਅਕਤੂਬਰ
ਇੱਥੇ ਮਹਾਰਾਜਾ ਰਣਜੀਤ ਸਿੰਘ ਪੰਜਾਬ ਟੈਕਨੀਕਲ ਯੂਨੀਵਰਸਿਟੀ ’ਚ ਚੱਲ ਰਿਹਾ 15 ਰੋਜ਼ਾ 11ਵਾਂ ‘ਨਾਟਿਅਮ ਨੈਸ਼ਨਲ ਥੀਏਟਰ ਫੈਸਟੀਵਲ’ ਸ਼ਨਿੱਚਰਵਾਰ ਰਾਤ ਨੂੰ ਸਮਾਪਤ ਹੋ ਗਿਆ। ਮੇਲੇ ਦੇ ਆਖਰੀ ਦਿਨ ਉੱਘੇ ਨਾਟਕਕਾਰ ਪਾਲੀ ਭੁਪਿੰਦਰ ਸਿੰਘ ਵੱਲੋਂ ਰਚਿਤ ਅਤੇ ਕੀਰਤੀ ਕਿਰਪਾਲ ਵੱਲੋਂ ਨਿਰਦੇਸ਼ਤ ਨਾਟਕ ‘ਮੈਂ ਭਗਤ ਸਿੰਘ’ ਖੇਡਿਆ ਗਿਆ। ਨਾਟਕ ਰਾਹੀਂ ਸ਼ਹੀਦ ਭਗਤ ਸਿੰਘ ਦੇ ਸੁਪਨਿਆਂ ਵਾਲੇ ਭਾਰਤ ਦੀ ਸਿਰਜਣਾ ਦਾ ਸੁਨੇਹਾ ਦਿੱਤਾ ਗਿਆ। ਨਾਟਕ ਦਾ ਇੱਕ ਪਾਤਰ ਬੱਚਾ ਹੈ, ਜੋ ਭਗਤ ਸਿੰਘ ਨੂੰ ਬਹੁਤ ਪੜ੍ਹਦਾ ਹੈ। ਉਸ ਨੂੰ ਅਸਲ ਜ਼ਿੰਦਗੀ ਵਿੱਚ ਹਰ ਥਾਂ ਸ਼ਹੀਦ ਦਿਖਣ ਲੱਗ ਪੈਂਦਾ ਹੈ। ਇਸ ਨਾਟਕ ਨੂੰ ਦਰਸ਼ਕਾਂ ਨੇ ਕਾਫੀ ਸਲਾਹਿਆ ਅਤੇ ਤਾੜੀਆਂ ਨਾਲ ਭਰਪੂਰ ਦਾਦ ਦਿੱਤੀ। ਇਸ ਮੌਕੇ ਡਿਪਟੀ ਕਮਿਸ਼ਨਰ ਨੇ ਨਾਟਕ ਦੀ ਸਾਰੀ ਟੀਮ ਨੂੰ ਸਨਮਾਨਿਤ ਵੀ ਕੀਤਾ। ਮੇਲੇ ਦੇ ਆਖਰੀ ਦਿਨ ਬਠਿੰਡਾ ਦੇ ਡਿਪਟੀ ਕਮਿਸ਼ਨਰ ਸ਼ੌਕਤ ਅਹਿਮਤ ਪਰੇ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਉਨ੍ਹਾਂ ਆਖਿਆ ਕਿ ਨਾਟਕ ‘ਮੈਂ ਭਗਤ ਸਿੰਘ’ ਨੇ ਦਰਸ਼ਕਾਂ ਨੂੰ ਬਹੁਤ ਹੀ ਚੰਗਾ ਸੁਨੇਹਾ ਦਿੱਤਾ ਹੈ। ਉਨ੍ਹਾਂ ਕਿਹਾ ਕਿ ਦਰਸ਼ਕਾਂ ਦੇ ਭਰਵੇਂ ਇਕੱਠ ਤੋਂ ਪ੍ਰਤੀਤ ਹੁੰਦਾ ਹੈ ਕਿ ਬਠਿੰਡਾ ਵਾਸੀ ਕਲਾ ਦੇ ਬਹੁਤ ਵੱਡੇ ਕਦਰਦਾਨ ਹਨ। ਉਨ੍ਹਾਂ ਕਿਹਾ ਕਿ ਖ਼ੁਸ਼ੀ ਹੁੰਦੀ ਹੈ ਜਦੋਂ ਵੇਖਦਾ ਹਾਂ ਕਿ ਥੀਏਟਰ ਪੰਜਾਬ ਵਿੱਚ ਹਾਲੇ ਵੀ ਜ਼ਿੰਦਾ ਹੈ। ਉਨ੍ਹਾਂ ਕਿਹਾ ਕਿ ਕਲਾ ਦੇ ਕਦਰਦਾਨ ਇਕੱਲੇ ਬਜ਼ਰੁਗ ਹੀ ਨਹੀਂ ਸਗੋਂ ਐਮਆਰਐਸਪੀਟੀਯੂ ਦੇ ਆਡੀਟੋਰੀਅਮ ਹਾਲ ਵਿੱਚ ਨੌਜਵਾਨ ਲੜਕੇ ਅਤੇ ਲੜਕੀਆਂ ਦੇ ਭਰਵੇਂ ਇਕੱਠ ਨੂੰ ਦੇਖ ਕੇ ਲਗਦਾ ਹੈ ਕਿ ਨੌਜਵਾਨ ਵੀ ਕਲਾ ਦੇ ਵੱਡੇ ਕਦਰਦਾਨ ਹਨ। ਉਨ੍ਹਾਂ ਨਾਟਕ ਦੀ ਸਮੁੱਚੀ ਟੀਮ ਨੂੰ ਵਧਾਈ ਵੀ ਦਿੱਤੀ। ਇਸ ਮੌਕੇ ਆਮ ਆਦਮੀ ਪਾਰਟੀ ਦੇ ਸੂਬਾ ਬੁਲਾਰੇ ਤੇ ਜੁਆਇੰਟ ਸੈਕਟਰੀ ਨੀਲ ਗਰਗ, ਮਹਾਰਾਜਾ ਰਣਜੀਤ ਸਿੰਘ ਪੰਜਾਬ ਟੈਕਨੀਕਲ ਯੂਨੀਵਰਸਿਟੀ ਦੇ ਰਜਿਸਟਰਾਰ ਗੁਰਿੰਦਰ ਪਾਲ ਸਿੰਘ ਬਰਾੜ, ਜਨਰਲ ਮੈਨੇਜਰ ਉਦਯੋਗ ਪ੍ਰੀਤ ਮਹਿੰਦਰ ਸਿੰਘ ਬਰਾੜ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਦਰਸ਼ਕ ਮੌਜੂਦ ਸਨ।