ਜਗਜੀਤ ਸਿੰਘ
ਮੁਕੇਰੀਆਂ, 20 ਅਕਤੂਬਰ
ਗੜ੍ਹਦੀਵਾਲਾ ਨੇੜਲੇ ਪਿੰਡ ਕੇਸੋਪੁਰ ਟੁੰਡ ਵਿੱਚ ਇੱਕ ਵਿਅਕਤੀ ਵੱਲੋਂ ਆਪਣੇ ਗੁਆਂਢੀਆਂ ’ਤੇ ਰਿਵਾਲਵਰ ਨਾਲ ਗੋਲੀਆਂ ਚਲਾਉਣ ਕਾਰਨ ਇੱਕ ਵਿਅਕਤੀ ਗੰਭੀਰ ਜ਼ਖ਼ਮੀ ਹੋ ਗਿਆ। ਗੁਰਪ੍ਰੀਤ ਸਿੰਘ ਵਾਸੀ ਕੇਸੋਪੁਰ ਟੁੰਡ ਨੇ ਪੁਲੀਸ ਨੂੰ ਦੱਸਿਆ ਕਿ ਉਸ ਦੀ ਭੈਣ ਅਤੇ ਜੀਜਾ ਘਰ ਆਏ ਹੋਏ ਸਨ। ਇਸੇ ਦੌਰਾਨ ਰਾਤ ਕਰੀਬ ਦਸ ਵਜੇ ਉਨ੍ਹਾਂ ਦੇ ਗੁਆਂਢੀ ਹਰਦੀਪ ਸਿੰਘ ਨੇ ਘਰ ਦੇ ਬਾਹਰ ਆ ਕੇ ਗਾਲੀ ਗਲੋਚ ਕਰਨਾ ਸ਼ੁਰੂ ਕਰ ਦਿੱਤਾ, ਜਦੋਂ ਊਹ ਬਾਹਰ ਨਿਕਲੇ ਤਾਂ ਊਸ ਨੇ ਰਿਵਾਲਵਰ ਨਾਲ ਊਨ੍ਹਾਂ ’ਤੇ ਗੋਲੀਆਂ ਚਲਾ ਦਿੱਤੀਆਂ ਤੇ ਗੋਲੀ ਲੱਗਣ ਕਾਰਨ ਊਸ ਦਾ ਜੀਜੀ ਜਸਵੀਰ ਸਿੰਘ ਜ਼ਖ਼ਮੀ ਹੋ ਗਿਆ। ਰੌਲਾ ਪੈਂਦਾ ਦੇਖ ਮੁਲਜ਼ਮ ਮੌਕੇ ਤੋਂ ਫਰਾਰ ਹੋ ਗਿਆ। ਗੁਰਪ੍ਰੀਤ ਨੇ ਦੱਸਿਆ ਕਿ ਉਨ੍ਹਾਂ ਦੀ ਕੁਝ ਵਰ੍ਹੇ ਪਹਿਲਾਂ ਹਰਦੀਪ ਸਿੰਘ ਨਾਲ ਲੜਾਈ ਹੋਈ ਸੀ ਇਸੇ ਰੰਜਿਸ਼ ਤਹਿਤ ਮੁਲਜ਼ਮ ਨੇ ਇਹ ਕਾਰਵਾਈ ਕੀਤੀ ਹੈ। ਦੂਜੇ ਪਾਸੇ ਜਸਵੀਰ ਸਿੰਘ ਦੀ ਹਾਲਤ ਗੰਭੀਰ ਹੋਣ ਕਾਰਨ ਊਸ ਨੂੰ ਸਿਵਲ ਹਸਪਤਾਲ ਹੁਸ਼ਿਆਰਪੁਰ ਰੈਫਰ ਕੀਤਾ ਗਿਆ ਹੈ। ਪੁਲੀਸ ਨੇ ਗੁਰਦੀਪ ਸਿੰਘ ਦੇ ਬਿਆਨਾਂ ’ਤੇ ਹਰਦੀਪ ਸਿੰਘ ਖ਼ਿਲਾਫ਼ ਵੱਖ ਵੱਖ ਧਾਰਾਵਾਂ ਹੇਠ ਕੇਸ ਦਰਜ ਕਰਕੇ ਕਾਰਵਾਈ ਆਰੰਭ ਦਿੱਤੀ ਹੈ।