ਨਵੀਂ ਦਿੱਲੀ, 3 ਅਗਸਤ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਟੋਕੀਓ ਗਏ ਭਾਰਤੀ ਓਲੰਪਿਕ ਦਸਤੇ ਨੂੰ 15 ਅਗਸਤ ਨੂੰ ਆਜ਼ਾਦੀ ਦਿਹਾੜੇ ਮੌਕੇ ‘ਵਿਸ਼ੇਸ਼ ਮਹਿਮਾਨ’ ਵਜੋਂ ਲਾਲ ਕਿਲੇ ’ਤੇ ਸੱਦਣਗੇ। ਅਧਿਕਾਰਤ ਸੂਤਰਾਂ ਦੀ ਮੰਨੀਏ ਤਾਂ ਪ੍ਰਧਾਨ ਮੰਤਰੀ ਖੇਡ ਦਸਤੇ ਨੂੰ ਆਪਣੀ ਸਰਕਾਰੀ ਰਿਹਾਇਸ਼ ਉੱਤੇ ਵੀ ਮਿਲਣਗੇ। ਟੋਕੀਓ ਓਲੰਪਿਕ ਵਿੱਚ 120 ਤੋਂ ਵੱਧ ਖਿਡਾਰੀਆਂ ਸਮੇਤ 228 ਮੈਂਬਰੀ ਖੇਡ ਦਸਤਾ ਭਾਰਤ ਦੀ ਨੁਮਾਇੰਦਗੀ ਕਰ ਰਿਹਾ ਹੈ। ਕਾਬਿਲੇਗੌਰ ਹੈ ਕਿ ਪ੍ਰਧਾਨ ਮੰਤਰੀ ਨਿਯਮਤ ਰੂਪ ਵਿੱਚ ਟੀਮ ਨੂੰ ਹੱਲਾਸ਼ੇਰੀ ਦਿੰਦੇ ਰਹੇ ਹਨ ਤੇ ਉਨ੍ਹਾਂ ਕਈ ਖਿਡਾਰੀਆਂ ਨਾਲ ਗੱਲਬਾਤ ਵੀ ਕੀਤੀ ਹੈ। ਇਸ ਦੌਰਾਨ ਪ੍ਰਧਾਨ ਮੰਤਰੀ ਨੇ ਅੱਜ ਇਕ ਟਵੀਟ ਕਰਕੇ ਟੋਕੀਓ ਓਲੰਪਿਕ ਵਿੱਚ ਦੇਸ਼ ਦੀ ਨੁਮਾਇੰਦਗੀ ਕਰ ਰਹੇ ਖਿਡਾਰੀਆਂ ਨੂੰ ਹੱਲਾਸ਼ੇਰੀ ਦਿੱਤੀ ਹੈ। ਸ੍ਰੀ ਮੋਦੀ ਨੇ ਕਿਹਾ ਕਿ ਭਾਰਤ ਵਿੱਚ ਆਤਮਵਿਸ਼ਵਾਸ ਦੀ ਭਾਵਨਾ ਵਧੀ ਹੈ ਤੇ ਇਸ ਦੀ ਇਕ ਝਲਕ ਟੋਕੀਓ 2020 ਵਿੱਚ ਵੀ ਵੇਖੀ ਜਾ ਸਕਦੀ ਹੈ ਜਿੱਥੇ ਸਾਡੇ ਅਥਲੀਟਾਂ ਨੇ 130 ਕਰੋੜ ਭਾਰਤੀਆਂ ਦਾ ਸਿਰ ਮਾਣ ਨਾਲ ਉੱਚਾ ਚੁੱਕਣ ਵਿੱਚ ਪੂਰਾ ਟਿੱਲ ਲਾਇਆ ਹੋਇਆ ਹੈ। ਸ੍ਰੀ ਮੋਦੀ ਨੇ ਪੁਰਸ਼ ਹਾਕੀ ਟੀਮ ਨੂੰ ਓਲੰਪਿਕ ਖੇਡਾਂ ਦੇ ਸੈਮੀ ਫਾਈਨਲ ਵਿੱਚ ਵਿਸ਼ਵ ਚੈਂਪੀਅਨ ਬੈਲਜੀਅਮ ਹੱਥੋਂ ਮਿਲੀ 5-2 ਦੀ ਹਾਰ ਦੇ ਹਵਾਲੇ ਨਾਲ ਇਕ ਵੱਖਰੇ ਟਵੀਟ ’ਚ ਕਿਹਾ, ‘‘ਜਿੱਤਾਂ ਤੇ ਹਾਰਾਂ ਜ਼ਿੰਦਗੀ ਦਾ ਹਿੱਸਾ ਹਨ। ਸਾਡੀ ਪੁਰਸ਼ ਹਾਕੀ ਟੀਮ ਨੇ ਆਪਣਾ ਸਰਵੋਤਮ ਪ੍ਰਦਰਸ਼ਨ ਕੀਤਾ ਤੇ ਇਹੀ ਮਾਇਨੇ ਰੱਖਦਾ ਹੈ। ਮੈਂ ਟੀਮ ਨੂੰ ਅਗਲੇ ਮੁਕਾਬਲੇ ਤੇ ਭਵਿੱਖ ਲਈ ਸ਼ੁਭ ਕਾਮਨਾਵਾਂ ਦਿੰਦਾ ਹਾਂ। ਭਾਰਤ ਨੂੰ ਆਪਣੇ ਖਿਡਾਰੀਆਂ ’ਤੇ ਮਾਣ ਹੈ।’’ -ਪੀਟੀਆਈ