ਨਵੀਂ ਦਿੱਲੀ, 1 ਫਰਵਰੀ
ਦਿੱਲੀ ਹਾਈ ਕੋਰਟ ਵੱਲੋਂ ਸੋਮਵਾਰ ਨੂੰ ਦਿੱਲੀ ਪੁਲੀਸ ਤੇ ਇੰਟੈਲੀਜੈਂਸ ਅਧਿਕਾਰੀਆਂ ਖ਼ਿਲਾਫ਼ ਕਾਰਵਾਈ ਦੀ ਮੰਗ ਕਰਦੀ ਪਟੀਸ਼ਨ ਖਾਰਜ ਕਰ ਦਿੱਤੀ ਗਈ। ਪਟੀਸ਼ਨ ਵਿੱਚ 26 ਜਨਵਰੀ ਨੂੰ ਕਿਸਾਨਾਂ ਵੱਲੋਂ ਕੀਤੀ ਗਈ ਟਰੈਕਟਰ ਰੈਲੀ ਦੌਰਾਨ ਹੋਈ ਹਿੰਸਾ ਰੋਕਣ ਤੋਂ ਅਸਫਲ ਰਹਿਣ ’ਤੇ ਦਿੱਲੀ ਪੁਲੀਸ, ਇੰਟੈਲੀਜੈਂਸ ਅਧਿਕਾਰੀਆਂ ਖ਼ਿਲਾਫ਼ ਕਾਰਵਾਈ ਦੀ ਮੰਗ ਕੀਤੀ ਗਈ ਸੀ। ਚੀਫ਼ ਜਸਟਿਸ ਡੀ.ਐੱਨ. ਪਟੇਲ ਅਤੇ ਜਸਟਿਸ ਜਯੋਤੀ ਸਿੰਘ ਨੇ ਇਹ ਕਹਿੰਦਿਆਂ ਪਟੀਸ਼ਨ ਖਾਰਜ ਕਰ ਦਿੱਤੀ ਕਿ ਇਸ ਮਾਮਲੇ ’ਚ ਅਦਾਲਤ ਦਖ਼ਲ ਲਈ ਇਹ ਬਹੁਤ ਕਾਹਲੀ ਵਾਲੀ ਗੱਲ ਹੈ ਕਿਉਂਕਿ ਪੁਲੀਸ 26 ਜਨਵਰੀ ਦੀ ਘਟਨਾ ਦੇ ਸਬੰਧ ’ਚ ਐੱਫਆਈਆਰ ਦਰਜ ਕਰ ਚੁੱਕੀ ਹੈ। ਪਟੀਸ਼ਨਕਰਤਾ ਐੱਨਜੀਓ ਦੇ ਚੇਅਰਮੈਨ ਜੋਗਿੰਦਰ ਨੇ ਤੁਲੀ ਨੇ ਪੁਸ਼ਟੀ ਕੀਤੀ ਕਿ ਅਦਾਲਤ ਵੱਲੋਂ ਪਟੀਸ਼ਨ ਖਾਰਜ ਕਰ ਦਿੱਤੀ ਗਈ ਹੈ। -ਏਜੰਸੀ