ਨੌਟਿੰੰਘਮ, 3 ਅਗਸਤ
ਭਾਰਤੀ ਕ੍ਰਿਕਟ ਟੀਮ ਇੰਗਲੈਂਡ ਖ਼ਿਲਾਫ਼ ਪੰਜ ਟੈਸਟ ਮੈਚਾਂ ਦੀ ਲੜੀ ਦਾ ਪਹਿਲਾ ਮੁਕਾਬਲਾ ਬੁੱਧਵਾਰ ਨੂੰ ਇੱਥੇ ਖੇਡੇਗੀ। ਟੈਸਟ ਲੜੀ ਕਪਤਾਨ ਵਿਰਾਟ ਕੋਹਲੀ ਦੀ ਟੀਮ ਵਿਚਾਲੇ ਸੰਤੁਲਨ ਬਣਾਉਣ ਦੀ ਰਣਨੀਤੀ ਦੀ ਪ੍ਰੀਖਿਆ ਹੋਵੇਗੀ। ਇੰਗਲੈਂਡ ਦਾ ਅਹਿਮ ਖਿਡਾਰੀ ਬੈੱਨ ਸਟੋਕਸ ਇਸ ਲੜੀ ਤੋਂ ਬਾਹਰ ਹੈ। ਕਪਤਾਨ ਜੋਅ ਰੂਟ ਦਾ ਮੰਨਣਾ ਹੈ ਕਿ ਮਾਨਸਿਕ ਸਿਹਤ ਸਮੱਸਿਆਵਾਂ ਕਾਰਨ ਸਟੋਕਸ ਦੇ ਨਾ ਖੇਡਣ ਦਾ ਟੀਮ ’ਤੇ ਵੱਡਾ ਅਸਰ ਪਵੇਗਾ। ਕੋਹਲੀ ਨੂੰ ਭਲਕੇ ਟੀਮ ਦਾ ਸੰਤੁਲਨ ਬਿਠਾਉਣ ਲਈ ਕਾਫ਼ੀ ਮਗਜ਼-ਖਪਾਈ ਕਰਨੀ ਹੋਵੇਗੀ। ਭਾਰਤੀ ਬੱਲੇਬਾਜ਼ੀ ਦਾ ਹੇਠਲਾ ਕ੍ਰਮ ਜ਼ਿਆਦਾਤਰ ਦੌੜਾਂ ਬਣਾਉਣ ਵਿੱਚ ਅਸਫਲ ਰਹਿੰਦਾ ਹੈ। ਟੀਮ ਕੋਲ ਸਿਰਫ਼ ਦੋ ਸਲਾਮੀ ਬੱਲੇਬਾਜ਼ ਰੋਹਿਤ ਸ਼ਰਮਾ ਅਤੇ ਲੋਕੇਸ਼ ਰਾਹੁਲ ਹਨ। ਰੋਹਿਤ ਦੀ ਬੱਲੇਬਾਜ਼ੀ ਲੈਅ ਵਿੱਚ ਹੈ, ਪਰ ਇੰਗਲੈਂਡ ਵਿੱਚ ਉਸ ਨੇ ਟੈਸਟ ਮੈਚਾਂ ਦੀ ਪਾਰੀ ਦਾ ਆਗਾਜ਼ ਨਹੀਂ ਕੀਤਾ। ਉਧਰ, ਰਾਹੁਲ ਵੀ ਬਹੁਤ ਪ੍ਰਤਿਭਾਸ਼ਾਲੀ ਹੈ, ਪਰ ਪਾਰੀ ਦੀ ਸ਼ੁਰੂਆਤ ਕਰਨ ਵਿੱਚ ਝਿਜਕਦਾ ਹੈ। ਮਯੰਕ ਅਗਰਵਾਲ ਦੇ ਸੱਟ ਲੱਗਣ ਮਗਰੋਂ ਰਾਹੁਲ ਨੂੰ ਰੋਹਿਤ ਦੇ ਜੋੜੀਦਾਰ ਵਜੋਂ ਲਿਆ ਜਾ ਸਕਦਾ ਹੈ। ਇਸ ਤੋਂ ਇਲਾਵਾ ਟੀਮ ਨੂੰ ਹਾਰਦਿਕ ਪਾਂਡਿਆ ਦੀ ਘਾਟ ਰੜਕੇਗੀ। ਹਨੁਮਾਨ ਵਿਹਾਰੀ ਦੀ ਆਫ ਸਪਿੰਨ ਗੇਂਦਬਾਜ਼ੀ ਅਤੇ ਰਵੀਚੰਦਰਨ ਅਸ਼ਿਵਨ ਤੇ ਰਵਿੰਦਰ ਜਡੇਜਾ ਦੀ ਮੌਜੂਦਗੀ ਦੌਰਾਨ ਸ਼ਰਦੁਲ ਠਾਕੁਰ ਨੂੰ ਵੀ ਖੇਡਣ ਦਾ ਮੌਕਾ ਮਿਲ ਸਕਦਾ ਹੈ। -ਪੀਟੀਆਈ