ਲਾਹੌਰ, 28 ਮਈ
ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਹਬਿਾਜ਼ ਸ਼ਰੀਫ਼ ਨੇ ਆਪਣੇ ਖ਼ਿਲਾਫ਼ 16 ਅਰਬ ਪਾਕਿਸਤਾਨੀ ਰੁਪਏ ਦੇ ਮਨੀ ਲਾਂਡਰਿੰਗ ਮਾਮਲੇ ‘ਚ ਵਿਸ਼ੇਸ਼ ਅਦਾਲਤ ਨੂੰ ਦੱਸਿਆ ਕਿ ਉਨ੍ਹਾਂ ਨੇ ਪੰਜਾਬ ਦੇ ਮੁੱਖ ਮੰਤਰੀ ਵਜੋਂ ਆਪਣੇ ਕਾਰਜਕਾਲ ਦੌਰਾਨ ਤਨਖ਼ਾਹ ਵੀ ਨਹੀਂ ਲਈ ਸੀ ਅਤੇ ‘ਮਜਨੂੰ’ (ਨਾਸਮਝ) ਹੋਣ ਕਾਰਨ ਅਜਿਹਾ ਕੀਤਾ ਸੀ। ਸ਼ਹਬਿਾਜ਼ ਅਤੇ ਉਸ ਦੇ ਪੁੱਤਰਾਂ ਹਮਜ਼ਾ ਅਤੇ ਸੁਲੇਮਾਨ ‘ਤੇ ਨਵੰਬਰ 2020 ਵਿੱਚ ਸੰਘੀ ਜਾਂਚ ਏਜੰਸੀ (ਐੱਫਆਈਏ) ਨੇ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਅਤੇ ਮਨੀ ਲਾਂਡਰਿੰਗ ਰੋਕੂ ਕਾਨੂੰਨ ਦੀਆਂ ਵੱਖ-ਵੱਖ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਸੀ। ਹਮਜ਼ਾ ਇਸ ਸਮੇਂ ਪੰਜਾਬ ਸੂਬੇ ਦਾ ਮੁੱਖ ਮੰਤਰੀ ਹੈ, ਜਦਕਿ ਸੁਲੇਮਾਨ ਫ਼ਰਾਰ ਹੈ ਅਤੇ ਬਰਤਾਨੀਆ ਵਿਚ ਰਹਿ ਰਿਹਾ ਹੈ। ਐੱਫਆਈਏ ਨੇ ਆਪਣੀ ਜਾਂਚ ਵਿੱਚ ਸ਼ਹਬਿਾਜ਼ ਪਰਿਵਾਰ ਦੇ 28 ਕਥਿਤ ਬੇਨਾਮੀ ਖਾਤਿਆਂ ਦਾ ਪਰਦਾਫਾਸ਼ ਕੀਤਾ ਹੈ ਜਿਸ ਰਾਹੀਂ 2008 ਤੋਂ 2018 ਤੱਕ 14 ਅਰਬ ਰੁਪਏ ਦੀ ਮਨੀ ਲਾਂਡਰਿੰਗ ਕੀਤੀ ਗਈ ਸੀ। ਸੁਣਵਾਈ ਦੌਰਾਨ ਸ਼ਹਬਿਾਜ਼ ਨੇ ਕਿਹਾ, ‘ਮੈਂ 12.5 ਸਾਲਾਂ ‘ਚ ਸਰਕਾਰ ਤੋਂ ਕੁਝ ਨਹੀਂ ਲਿਆ ਅਤੇ ਇਸ ਮਾਮਲੇ ‘ਚ ਮੇਰੇ ‘ਤੇ 25 ਲੱਖ ਰੁਪਏ ਦੀ ਮਨੀ ਲਾਂਡਰਿੰਗ ਦਾ ਦੋਸ਼ ਹੈ।’ਡਾਅਨ ਅਖ਼ਬਾਰ ਨੇ ਉਨ੍ਹਾਂ ਦੇ ਹਵਾਲੇ ਨਾਲ ਕਿਹਾ, ‘ਅਲ੍ਹਾ ਨੇ ਮੈਨੂੰ ਇਸ ਦੇਸ਼ ਦਾ ਪ੍ਰਧਾਨ ਮੰਤਰੀ ਬਣਾਇਆ ਹੈ। ਮੈਂ ਮਜਨੂੰ ਹਾਂ ਅਤੇ ਮੈਂ ਆਪਣੇ ਕਾਨੂੰਨੀ ਹੱਕ, ਮੇਰੀ ਤਨਖਾਹ ਅਤੇ ਲਾਭ ਨਹੀਂ ਲਏ।’