ਨਿੱਜੀ ਪੱਤਰ ਪ੍ਰੇਰਕ
ਰਾਮਪੁਰਾ ਫੂਲ, 1 ਮਾਰਚ
ਇਥੋਂ ਦੀ ਦਾਣਾ ਮੰਡੀ ਵਿੱਚ ਰੱਖੇ ਜਨਤਕ ਸਮਾਗਮ ਦੌਰਾਨ ਵਿਸ਼ੇਸ਼ ਤੌਰ ’ਤੇ ਪਹੁੰਚੇ ਮਾਲ ਮੰਤਰੀ ਗੁਰਪ੍ਰੀਤ ਸਿੰਘ ਕਾਂਗੜ ਨੇ ਕਿਹਾ ਕਿ ਕੈਪਟਨ ਸਰਕਾਰ ਹਮੇਸ਼ਾ ਹੀ ਕਿਸਾਨਾਂ ਅਤੇ ਆਰਥਿਕ ਤੌਰ ’ਤੇ ਪੱਛੜੇ ਵਰਗਾਂ ਦੀ ਭਲਾਈ ਲਈ ਯਤਨਸ਼ੀਲ ਰਹੀ ਹੈ। ਸਰਕਾਰ ਨੇ ਸ਼ਾਮਲਾਟਾਂ ਦੇ ਕਾਬਜ਼ਕਾਰਾਂ ਦੇ ਹੱਕ ਵਿੱਚ ਜੋ ਫੈਸਲਾ ਲਿਆ ਹੈ, ਉਸ ਨਾਲ ਵੀ ਪਿੰਡਾਂ ਦੇ ਆਰਥਿਕ ਤੌਰ ’ਤੇ ਪੱਛੜੇ ਹਜ਼ਾਰਾਂ ਲੋਕਾਂ ਨੂੰ ਕਰੋੜਾਂ ਰੁਪਏ ਦਾ ਲਾਭ ਮਿਲੇਗਾ। ਮਾਰਕੀਟ ਕਮੇਟੀ ਦੇ ਚੇਅਰਮੈਨ ਸੰਜੀਵ ਢੀਂਗਰਾ ਵਲੋਂ ਕਿਸਾਨੀ ਸੰਘਰਸ਼ ਦੀ ਸਫਲਤਾ ਅਤੇ ਸਰਬੱਤ ਦੇ ਭਲੇ ਲਈ ਅਖੰਡ ਪਾਠ ਕਰਵਾਇਆ ਗਿਆ ਸੀ, ਜਿਸ ਦੇ ਅੱਜ ਭੋਗ ਪਾਏ ਗਏ ਹਨ। ਇਸ ਦੌਰਾਨ ਕਾਂਗੜ ਨੇ ਕਾਲੇ ਖੇਤੀ ਕਾਨੂੰਨਾਂ ਦੀ ਜ਼ੋਰਦਾਰ ਨਿੰਦਾ ਕੀਤੀ। ਇਸ ਤੋਂ ਇਲਾਵਾ ਉਨ੍ਹਾਂ ਇਨਕਸ਼ਾਫ਼ ਕੀਤਾ ਕਿ ਪੰਜਾਬ ਸਰਕਾਰ ਸ਼ਾਮਲਾਟਾਂ ’ਤੇ ਕਾਬਜ਼ਕਾਰਾਂ ਦੇ ਹੱਕ ਵਿੱਚ ਇੱਕ ਇਨਕਲਾਬੀ ਫੈਸਲਾ ਲੈ ਚੁੱਕੀ ਹੈ, ਜਿਸ ਨਾਲ ਜਲਦ ਹੀ ਇਨ੍ਹਾਂ ਜ਼ਮੀਨਾਂ ਦੇ ਹਜ਼ਾਰਾਂ ਕਾਬਜ਼ਕਾਰਾਂ ਨੂੰ ਮਾਲਕ ਬਣਾ ਦਿੱਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਮਾਲ ਵਿਭਾਗ ਅਤੇ ਸਰਕਾਰ ਨੇ ਇਸ ਬਾਬਤ ਦਫ਼ਤਰੀ ਕਾਰਵਾਈ ਆਰੰਭ ਦਿੱਤੀ ਹੈ ਤੇ ਸਰਕਾਰ ਇਸ ਸਬੰਧੀ ਲੋੜੀਂਦੇ ਦਸਤਾਵੇਜ਼ (ਬੈਅ ਰਜਿਸਟਰੀਆਂ) ਗਰੀਬ ਲੋਕਾਂ ਦੇ ਘਰਾਂ ਵਿਚ ਦੇ ਕੇ ਆਵੇਗੀ।