ਪੱਤਰ ਪ੍ਰੇਰਕ
ਕੁਰਾਲੀ, 4 ਜੁਲਾਈ
ਸ਼ਹਿਰ ਅਤੇ ਇਲਾਕੇ ਦੇ ਪਿੰਡਾਂ ਵਿੱਚ ਬਿਜਲੀ ਸਪਲਾਈ ਵਿੱਚ ਸੁੁਧਾਰ ਕਰਨ ਲਈ ਬੀਤੇ ਦਿਨੀਂ ਲੋਕਾਂ ਵੱਲੋਂ ਕੀਤੇ ਗਏ ਸੰਘਰਸ਼ ਤੋਂ ਬਾਅਦ ਪਾਵਰਕੌਮ ਦੇ ਉੱਚ ਅਧਿਕਾਰੀਆਂ ਵੱਲੋਂ ਮੋਰਿੰਡਾ ਰੋਡ ’ਤੇ ਪੈਂਦੇ ਸਥਾਨਕ ਪਾਵਰ ਗਰਿੱਡ ਦਫ਼ਤਰ ਵਿੱਚ ਇੱਕ ਵੱਡੇ ਪਾਵਰ ਟਰਾਂਸਫਾਰਮਰ ਨੂੰ ਵਿਭਾਗ ਦੇ ਉੱਚ ਅਧਿਕਾਰੀਆਂ ਵੱਲੋਂ ਆਖਰਕਾਰ ਚਾਲੂ ਹੀ ਕਰ ਦਿੱਤਾ ਗਿਆ ਹੈ। ਇਸ ਨਾਲ ਸ਼ਹਿਰ ਤੇ ਇਲਾਕੇ ਦੇ ਪਿੰਡਾਂ ਦੇ ਲੋਕਾਂ ਨੂੰ ਭਾਰੀ ਰਾਹਤ ਮਿਲਣ ਤੋਂ ਇਲਾਵਾ ਸਥਾਨਕ ਪਾਵਰ ਗਰਿੱਡ ਓਵਰਲੋਡ ਤੇ ਓਵਰਹੀਟ ਹੋਣ ਦੀ ਸਮੱੱਸਿਆ ਵੀ ਹੱਲ ਹੋ ਜਾਵੇਗੀ।
ਜਾਣਕਾਰੀ ਅਨੁਸਾਰ ਕੁਰਾਲੀ ਖੇਤਰ ਅਤੇ ਆਸ-ਪਾਸ ਦੇ ਪਿੰਡਾਂ ’ਚ ਬਿਜਲੀ ਦੀ ਸਪਲਾਈ ਵਿੱਚ ਸੁਧਾਰ ਲਿਆਉਣ ਲਈ ਪਾਵਰਕੌਮ ਵੱਲੋਂ 12.5 ਐਮਵੀਏ ਪਾਵਰ ਟਰਾਂਸਫਾਰਮਰ ਲਿਆਂਦਾ ਗਿਆ ਸੀ ਪਰ ਇਹ ਸਮੇਂ ਸਿਰ ਚਾਲੂ ਨਹੀਂ ਕੀਤਾ ਗਿਆ। ਜਦੋਂ ਲੋਕਾਂ ਇਸ ਪਾਵਰ ਟਰਾਂਸਫਾਰਮਰ ਨੂੰ ਪਾਵਰਗਰਿੱਡ ਵਿਭਾਗ ਵੱਲੋਂ ਇੱਥੋਂ ਕਿਸੇ ਹੋਰ ਥਾਂ ਲਿਜਾਣ ਦੀਆਂ ਕੀਤੀਆਂ ਜਾ ਰਹੀਆਂ ਅੰਦਰੋਖਾਤੇ ਤਿਆਰੀਆਂ ਦੀ ਭਿਣਕ ਲੱਗਣ ਤੋਂ ਬਾਅਦ ਲੋਕਾਂ ਵੱਲੋਂ ਇਸ ਨੂੰ ਤੁਰੰਤ ਚਾਲੂ ਕਰਨ ਲਈ ਸੰਘਰਸ਼ ਆਰੰਭ ਕਰ ਦਿੱਤਾ ਗਿਆ ਤੇ ਪਾਵਰਕੌਮ ਦੇ ਉੱਚ ਅਧਿਕਾਰੀਆਂ ਤੇ ਪੰਜਾਬ ਸਰਕਾਰ ਤੋਂ ਇੱਥੇ ਵੱਡੇ ਪਾਵਰ ਟਰਾਂਸਫਾਰਮਰ ਨੂੰ ਚਾਲੂ ਕਰਨ ਦੀ ਮੰਗ ਕੀਤੀ ਗਈ। ਪ੍ਰਸ਼ਾਸਨ ਤੇ ਪਾਵਰਕਾਮ ਦੇ ਉੱਚ ਅਧਿਕਾਰੀਆਂ ਵੱਲੋਂ ਸੰਘਰਸ਼ ਕਰ ਰਹੇ ਮੁਜ਼ਾਹਰਾਕਾਰੀਆਂ ਨੂੰ ਟਰਾਂਸਫਾਰਮਰ ਚਾਲੂ ਕਰਨ ਦਾ ਭਰੋਸਾ ਦਿੱਤੇ ਗਏ ਸਮੇਂ ਦੌਰਾਨ ਇਸ ਪਾਵਰ ਟਰਾਂਸਫਾਰਮਰ ਨੂੰ ਵਿਭਾਗ ਦੀ ਟੀਮ ਵੱਲੋਂ ਚਾਲੂ ਕਰਵਾ ਦਿੱਤਾ ਗਿਆ ਹੈ। ਸਥਾਨਕ ਪਾਵਰਕੌਮ ਅਧਿਕਾਰੀਆਂ ਅਨੁਸਾਰ ਮੋਰਿੰਡਾ ਰੋਡ ’ਤੇ ਪੈਂਦੇ ਉਪ ਮੰਡਲ ਵਿੱਚ ਪਹਿਲਾਂ 40 ਐਮਵੀਏ ਦੇ ਪਾਵਰ ਟਰਾਂਸਫਾਰਮਰ ਲੱਗੇ ਹੋਏ ਸਨ ਹੁਣ 12.5 ਐੱਮਵੀਏ ਪਾਵਰ ਵਾਲਾ ਵੱਡਾ ਪਾਵਰ ਟਰਾਂਸਫਾਰਮਰ ਲੱਗਣ ਨਾਲ ਕਰੀਬ 52.5 ਐੱਮਵੀਏ ਪਾਵਰ ਟਰਾਂਫਾਰਮਰ ਦਾ ਲੋਡ ਬਣ ਗਿਆ ਹੈ।
ਬਿਜਲੀ ਕੱਟਾਂ ਖ਼ਿਲਾਫ਼ ਮੁਜ਼ਾਹਰਾ
ਲਾਲੜੂ (ਸਰਬਜੀਤ ਸਿੰਘ ਭੱਟੀ): ਆਈਟੀਆਈ ਚੌਕ ਵਿੱਚ ਭਾਜਪਾ ਕਾਰਕੁਨਾਂ ਨੇ ਬਿਜਲੀ ਦੇ ਅਣਐਲਾਨੇ ਕੱਟਾਂ ਖ਼ਿਲਾਫ਼ ਪੰਜਾਬ ਸਰਕਾਰ ਵਿਰੁੱਧ ਰੋਸ ਮੁਜ਼ਾਹਰਾ ਕੀਤਾ। ਇਸ ਮੌਕੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਪੁਤਲਾ ਸਾੜਦਿਆਂ ਜੰਮ ਕੇ ਨਾਅਰੇਬਾਜ਼ੀ ਕੀਤੀ ਗਈ। ਇਸ ਮੌਕੇ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਸੁਸ਼ੀਲ ਰਾਣਾ ਦੀ ਅਗਵਾਈ ਹੇਠ ਰੋਸ ਧਰਨੇ ਵਿੱਚ ਸ਼ਾਮਲ ਜ਼ਿਲ੍ਹਾ ਮੁਹਾਲੀ ਦੇ ਇੰਚਾਰਜ ਸੁਭਾਸ਼ ਸਰਮਾ, ਸੂਬਾ ਕਾਰਜਕਾਰਨੀ ਮੈਂਬਰ ਐਡਵੋਕੇਟ ਮੁਕੇਸ਼ ਗਾਂਧੀ, ਸੋਮ ਚੰਦ ਗੋਇਲ, ਜ਼ਿਲ੍ਹਾ ਜਨਰਲ ਸਕੱਤਰ ਰਾਜੀਵ ਸ਼ਰਮਾ, ਸੰਜੀਵ ਗੋਇਲ ਤੇ ਗੁਰਮੀਤ ਸਿੰਘ ਟਿਵਾਣਾ ਨੇ ਕਿਹਾ ਕਿ ਕਾਂਗਰਸ ਸਰਕਾਰ ਸੂਬੇ ਵਿੱਚ ਹਰ ਫਰੰਟ ’ਤੇ ਬੁਰੀ ਤਰ੍ਹਾਂ ਫੇਲ੍ਹ ਹੋ ਚੁੱਕੀ ਹੈ, ਕੇਂਦਰ ਸਰਕਾਰ ਨੂੰ ਚਾਹੀਦਾ ਹੈ ਕਿ ਉਹ ਕਾਂਗਰਸ ਸਰਕਾਰ ਨੂੰ ਭੰਗ ਕਰਕੇ ਤੁਰੰਤ ਰਾਸਟਰਪਤੀ ਰਾਜ ਲਾਗੂ ਕਰੇ।