ਪੱਤਰ ਪ੍ਰੇਰਕ
ਸਮਾਣਾ, 16 ਅਕਤੂਬਰ
ਮਵੀ ਪੁਲੀਸ ਨੇ ਗੁਪਤ ਸੂਚਨਾ ਦੇ ਆਧਾਰ ’ਤੇ ਪਿੰਡ ਧਨੇਠਾ ਦੇ ਇੱਕ ਘਰ ’ਚ ਰੇਡ ਕਰ ਕੇ ਕਸ਼ੀਦ ਕਰ ਕੇ ਨਾਜਾਇਜ਼ ਸ਼ਰਾਬ ਬਣਾਉਣ ਲਈ ਡਰੰਮਾਂ ਵਿੱਚ ਰੱਖੀ 300 ਲਿਟਰ ਲਾਹਣ ਤੇ ਭੱਠੀ ਸਣੇ ਮੁਲਜ਼ਮ ਨੂੰ ਕਾਬੂ ਕੀਤਾ ਹੈ। ਥਾਣਾ ਸਦਰ ਮੁਖੀ ਮਹਿੰਮਾ ਸਿੰਘ ਨੇ ਦੱਸਿਆ ਕਿ ਏਐੱਸਆਈ ਪਰਮਜੀਤ ਸਿੰਘ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਪਿੰਡ ਧਨੇਠਾ ਦਾ ਹਰਬੰਸ ਸਿੰਘ ਜੋ ਕਿ ਨਾਜਾਇਜ਼ ਸ਼ਰਾਬ ਕਸ਼ੀਦ ਕਰ ਕੇ ਵੇਚਣ ਦਾ ਆਦੀ ਹੈ, ਉਸ ਨੇ ਘਰ ਵਿੱਚ ਹੀ ਸ਼ਰਾਬ ਕਸ਼ੀਦ ਕਰਨ ਲਈ ਲਾਹਣ ਡਰੰਮਾਂ ਵਿੱਚ ਰੱਖੀ ਹੋਈ ਹੈ। ਪੁਲੀਸ ਪਾਰਟੀ ਨੇ ਮੌਕੇ ’ਤੇ ਘਰ ਵਿੱਚ ਰੇਡ ਕਰ ਕੇ ਭੱਠੀ ਸਣੇ ਡਰੰਮਾਂ ਵਿੱਚ ਪਈ ਲਾਹਣ ਬਰਾਮਦ ਕੀਤੀ ਤੇ ਮੁਲਜ਼ਮ ਖਿਲਾਫ਼ ਕੇਸ ਦਰਜ ਕਰ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਨਾਜਾਇਜ਼ ਸ਼ਰਾਬ ਬਰਾਮਦ
ਸਮਾਣਾ: ਮਵੀ ਪੁਲੀਸ ਨੇ ਇੱਕ ਕਾਰ ’ਚ ਤਸਕਰੀ ਕਰ ਕੇ ਲਿਆਂਦੀ ਜਾ ਰਹੀ ਨਾਜਾਇਜ਼ ਸ਼ਰਾਬ ਦੀਆਂ 600 ਬੋਤਲਾਂ ਬਰਾਮਦ ਕੀਤੀਆਂ ਹਨ, ਜਦੋਂਕਿ ਕਾਰ ਸਵਾਰ ਦੋਵੇ ਅਣਪਛਾਤੇ ਨੌਜਵਾਨ ਪੁਲੀਸ ਪਾਰਟੀ ਨੂੰ ਦੇਖ ਕਾਰ ਛੱਡ ਕੇ ਫ਼ਰਾਰ ਹੋ ਗਏ। ਮਵੀ ਪੁਲੀਸ ਵੱਲੋਂ ਦਿੱਤੀ ਗਈ ਜਾਣਕਾਰੀ ਅਨੁਸਾਰ ਏ ਐੱਸ ਆਈ ਹਰਬੰਸ ਸਿੰਘ ਵੱਲੋਂ ਪਿੰਡ ਬੁਜਰਕ ਨੇੜੇ ਪੁਲੀਸ ਪਾਰਟੀ ਸਣੇ ਕੀਤੀ ਗਈ ਨਾਕਾਬੰਦੀ ਦੌਰਾਨ ਆ ਰਹੀ ਇੱਕ ਕਾਰ ਨੂੰ ਰੁਕਣ ਦਾ ਇਸ਼ਾਰਾ ਕਰਨ ’ਤੇ ਕਾਰ ਸਵਾਰ ਦੋਵੇਂ ਨੌਜਵਾਨ ਪੁਲੀਸ ਪਾਰਟੀ ਨੂੰ ਦੇਖ ਕੇ ਕਾਰ ਛੱਡ ਕੇ ਫ਼ਰਾਰ ਹੋ ਗਏ। ਪੁਲੀਸ ਪਾਰਟੀ ਵੱਲੋਂ ਕਾਰ ਨੂੰ ਚੈੱਕ ਕਰਨ ’ਤੇ ਉਸ ਵਿੱਚੋਂ ਹਰਿਆਣਾ ਮਾਰਕਾ ਸ਼ਰਾਬ ਦੀਆਂ 600 ਬੋਤਲਾਂ (50 ਪੇਟੀਆਂ ਜੁਗਨੀ ਅਤੇ ਕਲੱਬ ਮਾਰਕਾ) ਬਰਾਮਦ ਹੋਈਆਂ। ਉਨ੍ਹਾਂ ਦੱਸਿਆ ਕਿ ਅਣਪਛਾਤੇ ਤਸਕਰਾਂ ਵੱਲੋਂ ਛੱਡੀ ਗਈ ਕਾਰ ਤੇ ਸ਼ਰਾਬ ਨੂੰ ਕਬਜ਼ੇ ’ਚ ਲੈ ਕੇ ਫ਼ਰਾਰ ਅਣਪਛਾਤੇ ਨੌਜਵਾਨਾਂ ਖਿਲਾਫ਼ ਕੇਸ ਦਰਜ ਕਰ ਲਿਆ ਗਿਆ ਹੈ। -ਪੱਤਰ ਪ੍ਰੇਰਕ