ਰਮੇਸ਼ ਭਾਰਦਵਾਜ
ਲਹਿਰਾਗਾਗਾ, 1 ਮਾਰਚ
ਇੱਥੇ ਲਹਿਰਾ ਵਿਕਾਸ ਮੰਚ ਵੱਲੋਂ 17 ਫਰਵਰੀ ਨੂੰ ਨਗਰ ਕੌਂਸਲ ਲਹਿਰਾਗਾਗਾ ਦੀਆਂ ਚੋਣਾਂ ਵਿੱਚ ਕਥਿਤ ਘਪਲੇੇਬਾਜ਼ੀ ਨੂੰ ਲੈ ਕੇ ਅੱਜ ਗੁਰੂ ਰਵਿਦਾਸ ਜੈਅੰਤੀ ਅਤੇ ਐਤਵਾਰ ਦੀ ਛੁੱਟੀ ਮਗਰੋਂ ਅੱਜ ਨੌਵੇਂ ਦਿਨ ਭੁੱਖ ਹੜਤਾਲ ਜਾਰੀ ਰਹੀ। ਅੱਜ ਭੁੱਖ ਹੜਤਾਲ ’ਤੇ ਬੈਠਣ ਵਾਲਿਆਂ ਵਿੱਚ ਕਰੋੜੀ ਮਲ, ਗੁਰਮੇਲ ਸਿੰਘ, ਕ੍ਰਿਸ਼ਨਾ ਦੇਵੀ, ਮਨਜੀਤ ਕੌਰ, ਬਲਦੇਵ ਕੌਰ, ਹਰੀ ਰਾਮ ਭੱਟੀ ਅਤੇ ਸੁਰਿੰਦਰ ਸਿੰਘ ਜੱਗੀ ਸਿਲੰਡਰਾਂ ਵਾਲਾ ਸ਼ਾਮਲ ਸਨ। ਉੱਧਰ, ਲੋਕਾਂ ਦੇ ਵਿਰੋਧ ਕਰ ਕੇ ਪ੍ਰਸ਼ਾਸਨ ਨੂੰ ਈਵੀਐੱਮ ਮਸ਼ੀਨਾਂ ਅੱਜ ਪਹਿਲੀ ਮਾਰਚ ਨੂੰ ਵੀ ਇੱਥੇ ਹੀ ਰੱਖਣੀਆਂ ਪਈਆਂ ਹਨ।
ਲਹਿਰਾ ਵਿਕਾਸ ਮੰਚ ਦੀ ਅਗਵਾਈ ਵਿੱਚ ਅੱਜ ਧਰਨਾਕਾਰੀਆਂ ਨੇ ਐੱਸਡੀਐੱਮ ’ਤੇ ਘਪਲੇਬਾਜ਼ੀ ਦੇ ਦੋਸ਼ ਲਾਉਂਦਿਆਂ ਅਧਿਕਾਰੀ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਲਹਿਰਾ ਵਿਕਾਸ ਮੰਚ ਦੇ ਬੁਲਾਰਿਆਂ ਨੇ ਕਿਹਾ ਕਿ ਉਹ ਨਗਰ ਕੌਂਸਲ ਚੋਣਾਂ ’ਚ ਕੀਤੀ ਕਥਿਤ ਘਪਲੇਬਾਜ਼ੀ ਕਰ ਕੇ ਲੋਕਤੰਤਰ ਦਾ ਘਾਣ ਕਰਨ ਵਾਲਿਆਂ ਖ਼ਿਲਾਫ਼ ਇਨਸਾਫ਼ ਮਿਲਣ ਤੱਕ ਲਗਾਤਾਰ ਹਰ ਰੋਜ਼ ਭੁੱਖ ਹੜਤਾਲ ਕਰਨਗੇ। ਉਨ੍ਹਾਂ ਦੱਸਿਆ ਕਿ ਚੋਣ ਕਮਿਸਨ ਦੇ ਆਏ ਆਬਜ਼ਰਵਰ ਨੇ ਨਗਰ ਕੌਂਸਲ ਚੋਣ ਨਤੀਜਿਆਂ ’ਚ ਐੱਸਡੀਐੱਮ ਖ਼ਿਲਾਫ਼ ਕਾਰਵਾਈ ਲਈ ਲਿਖਿਆ ਹੈ ਅਤੇ ਹਲਕਾ ਵਿਧਾਇਕ ਪਰਮਿੰਦਰ ਸਿੰਘ ਢੀਂਡਸਾ ਨੇ ਇਹ ਮਾਮਲਾ ਅੱਜ ਪੰਜਾਬ ਵਿਧਾਨ ਸਭਾ ਦੇ ਸੈਸ਼ਨ ਵਿਚ ਉਠਾਉਣ ਦਾ ਵਾਅਦਾ ਕੀਤਾ ਹੈ। ਬੁਲਾਰਿਆਂ ਨੇ ਕਿਹਾ ਕਿ ਸਾਬਕਾ ਮੁੱਖ ਮੰਤਰੀ ਰਾਜਿੰਦਰ ਕੌਰ ਭੱਠਲ ਦੀ ਸ਼ਹਿ ’ਤੇ ਐੱਸਡੀਐੱਮ ਨੇ ਦੋਵੇਂ ਵਾਰਡਾਂ ਦੇ ਨਤੀਜੇ ਬਦਲ ਕੇ ਕਾਂਗਰਸ ਦੇ ਹੱਕ ’ਚ ਕਰ ਦਿੱਤੇ ਸਨ। ਉੱਧਰ, ਐੱਸਡੀਐੱਮ ਜੀਵਨਜੋਤ ਕੌਰ ਨੇ ਨਿਰਪੱਖਤਾ ਤੇ ਇਮਾਨਦਾਰੀ ਨਾਲ ਚੋਣਾਂ ਕਰਵਾਉਣ ਤੇ ਨਤੀਜੇ ਐਲਾਨਣ ਦਾ ਦਾਅਵਾ ਕੀਤਾ।
ਐੱਸਡੀਐੱਮ ਦਾ ਤਬਾਦਲਾ
ਲਹਿਰਾਗਾਗਾ: ਪੰਜਾਬ ਦੇ ਮੁੱਖ ਸਕੱਤਰ ਵਿਨੀ ਮਹਾਜਨ ਨੇ ਅੱਜ ਲਹਿਰਾਗਾਗਾ ਦੀ ਐੱਸਡੀਐੱਮ ਜੀਵਨਜੋਤ ਕੌਰ ਨੂੰ ਡਿਪਾਰਟਮੈਂਟ ਆਫ਼ ਪਰਸੋਨਲ ਅਫੇਅਰਜ਼ ਪੰਜਾਬ ਚੰਡੀਗੜ ’ਚ ਤਬਾਦਲਾ ਕਰਨ ਦੇ ਹੁਕਮ ਦਿੱਤੇ ਹਨ। ਉਨ੍ਹਾਂ ਜ਼ਿਲ੍ਹਾ ਸੰਗਰੂਰ ਦੇ ਡਿਪਟੀ ਕਮਿਸਨਰ ਸੰਗਰੂਰ ਨੂੰ ਐੱਸਡੀਐੱਮ ਲਹਿਰਾਗਾਗਾ ਅਤੇ ਐੱਸਡੀਐੱਮ ਮੂਨਕ ਲਈ ਨਵੇਂ ਅਧਿਕਾਰੀ ਦੀ ਪੋਸਟਿੰਗ ਤੱਕ ਅੰਦਰੂਨੀ ਪ੍ਰਬੰਧ ਕਰਨ ਅਤੇ ਪੀਸੀਐੱਸ ਅਧਿਕਾਰੀ ਜੀਵਨਜੋਤ ਕੌਰ ਨੂੰ ਪਰਸੋਨਲ ਵਿਭਾਗ ਪੰਜਾਬ ਚੰਡੀਗੜ੍ਹ ਤੁਰੰਤ ਭੇਜਣ ਦੀ ਹਦਾਇਤ ਕੀਤੀ ਹੈ।