ਪ੍ਰਿੰਸੀਪਲ ਵਿਜੈ ਕੁਮਾਰ
ਕਈ ਮਹੀਨਿਆਂ ਤੋਂ ਮੀਂਹ ਨਹੀਂ ਪੈ ਰਿਹਾ ਸੀ। ਚਾਰੇ ਪਾਸੇ ਸੋਕਾ ਪਿਆ ਹੋਇਆ ਸੀ। ਖੇਤਾਂ ਵਿੱਚ ਫ਼ਸਲ ਨਹੀਂ ਉੱਗ ਰਹੀ ਸੀ। ਰਿਆਸਤ ਦਾ ਰਾਜਾ ਲੋਕਾਂ ਦਾ ਪੂਰਾ ਪੂਰਾ ਧਿਆਨ ਰੱਖ ਰਿਹਾ ਸੀ। ਹਰ ਪਰਿਵਾਰ ਨੂੰ ਲੋੜ ਅਨੁਸਾਰ ਖਾਣ ਪੀਣ ਦੀਆਂ ਵਸਤਾਂ ਮਿਲ ਰਹੀਆਂ ਸਨ, ਪਰ ਫੇਰ ਵੀ ਰਿਆਸਤ ਦੇ ਲੋਕ ਕਾਫ਼ੀ ਪਰੇਸ਼ਾਨ ਸਨ।
ਰਿਆਸਤ ਦਾ ਰਾਜਾ ਲੋਕਾਂ ਦੀਆਂ ਸਮੱਸਿਆਵਾਂ ਸੁਣਨ ਅਤੇ ਉਨ੍ਹਾਂ ਦਾ ਨਿਪਟਾਰਾ ਕਰਨ ਲਈ ਆਪਣੇ ਕਰਮਚਾਰੀਆਂ ਅਤੇ ਮੰਤਰੀਆਂ ਨਾਲ ਹਰ ਰੋਜ਼ ਰਿਆਸਤ ਵਿੱਚ ਘੁੰਮਦਾ ਫਿਰਦਾ ਰਹਿੰਦਾ ਸੀ। ਰਿਆਸਤ ਦੇ ਲੋਕ ਉਸ ਨੂੰ ਆਪਣੀਆਂ ਸਮੱਸਿਆਵਾਂ ਦੱਸਣ ਲਈ ਹਰ ਰੋਜ਼ ਕਤਾਰਾਂ ਵਿੱਚ ਖੜ੍ਹੇ ਉਸ ਦੀ ਉਡੀਕ ਕਰ ਰਹੇ ਹੁੰਦੇ। ਰਾਜੇ ਦਾ ਯਤਨ ਹੁੰਦਾ ਕਿ ਹਰ ਇੱਕ ਨਾਗਰਿਕ ਦੀ ਇੱਛਾ ਪੂਰੀ ਹੋ ਜਾਵੇ, ਕੋਈ ਦੁਖੀ ਨਾ ਹੋਵੇ। ਜਿਸ ਦੀ ਸਮੱਸਿਆ ਮੌਕੇ ’ਤੇ ਹੱਲ ਨਾ ਹੁੰਦੀ, ਉਸ ਨੂੰ ਉਹ ਆਪਣੇ ਦਰਬਾਰ ਵਿੱਚ ਬੁਲਾ ਲੈਂਦਾ। ਉਹ ਕਈ ਦਿਨਾਂ ਤੋਂ ਦੇਖ ਰਿਹਾ ਸੀ ਕਿ ਅੱਤ ਦੀ ਗਰਮੀ ਵਿੱਚ ਖੇਤਾਂ ਵਿੱਚ ਕੰਮ ਰਿਹਾ ਇੱਕ ਕਿਸਾਨ ਉਸ ਵੱਲ ਵੇਖਦਾ ਤੱਕ ਨਹੀਂ ਸੀ। ਉਸ ਨੇ ਕਦੇ ਵੀ ਆ ਕੇ ਉਸ ਨੂੰ ਆਪਣੀ ਸਮੱਸਿਆ ਨਹੀਂ ਦੱਸੀ ਸੀ। ਇੱਕ ਦਿਨ ਉਸ ਨੇ ਆਪਣੇ ਮਹਿਲ ਤੋਂ ਚੱਲਣ ਲੱਗਿਆਂ ਹੀ ਇਹ ਫ਼ੈਸਲਾ ਕੀਤਾ ਕਿ ਅੱਜ ਉਹ ਖੇਤਾਂ ਵਿੱਚ ਕੰਮ ਕਰ ਰਹੇ ਕਿਸਾਨ ਨਾਲ ਗੱਲਬਾਤ ਜ਼ਰੂਰ ਕਰੇਗਾ। ਜਿਵੇਂ ਹੀ ਉਹ ਉਸ ਦੇ ਖੇਤਾਂ ਕੋਲ ਪਹੁੰਚਿਆ, ਉਸ ਨੇ ਆਪਣੇ ਮੰਤਰੀਆਂ ਨੂੰ ਹੁਕਮ ਦਿੱਤਾ ਕਿ ਘੋੜੇ ਖੜ੍ਹੇ ਕਰਕੇ ਖੇਤਾਂ ਵਿੱਚ ਕੰਮ ਕਰ ਰਹੇ ਉਸ ਕਿਸਾਨ ਨੂੰ ਮੇਰੇ ਕੋਲ ਬੁਲਾਇਆ ਜਾਵੇ। ਕਰਮਚਾਰੀ ਉਸ ਕਿਸਾਨ ਨੂੰ ਬੁਲਾ ਕੇ ਰਾਜੇ ਕੋਲ ਲੈ ਆਏ। ਕਿਸਾਨ ਨੇ ਰਾਜੇ ਕੋਲ ਆ ਕੇ ਉਸ ਨੂੰ ਪ੍ਰਣਾਮ ਕੀਤਾ। ਕਿਸਾਨ ਪਸੀਨੇ ਨਾਲ ਪੂਰੀ ਤਰ੍ਹਾਂ ਭਿੱਜਿਆ ਪਿਆ ਸੀ।
ਰਾਜੇ ਨੇ ਉਸ ਕਿਸਾਨ ਨੂੰ ਸਵਾਲ ਕੀਤਾ, ‘‘ਸ੍ਰੀ ਮਾਨ ਜੀ, ਕੀ ਤੁਸੀਂ ਨਹੀਂ ਜਾਣਦੇ ਕਿ ਮੇਰੀ ਸ਼ਾਹੀ ਸਵਾਰੀ ਹਰ ਰੋਜ਼ ਤੁਹਾਡੇ ਖੇਤਾਂ ਕੋਲੋਂ ਲੰਘਦੀ ਹੈ?’’ ਕਿਸਾਨ ਨੇ ਅੱਗੋਂ ਕਿਹਾ, ‘‘ਮਹਾਰਾਜ, ਮੈਂ ਜਾਣਦਾ ਹਾਂ ਕਿ ਤੁਸੀਂ ਆਪਣੇ ਕਰਮਚਾਰੀਆਂ ਅਤੇ ਮੰਤਰੀਆਂ ਨਾਲ ਮੇਰੇ ਖੇਤਾਂ ਕੋਲੋਂ ਹਰ ਰੋਜ਼ ਲੰਘਦੇ ਹੋ।’’ ਰਾਜੇ ਨੇ ਉਸ ਕਿਸਾਨ ਨੂੰ ਫੇਰ ਸਵਾਲ ਕੀਤਾ, ‘‘ਭਲੇ ਪੁਰਸ਼, ਲੰਬੇ ਸਮੇਂ ਤੋਂ ਮੀਂਹ ਨਹੀਂ ਪੈ ਰਿਹਾ। ਲੋਕ ਹਰ ਰੋਜ਼ ਆਪਣੀਆਂ ਸਮੱਸਿਆਵਾਂ ਨੂੰ
ਲੈ ਕੇ ਮੈਨੂੰ ਮਿਲਣ ਲਈ ਕਤਾਰਾਂ ਵਿੱਚ ਖੜ੍ਹੇ ਹੁੰਦੇ ਹਨ। ਕੀ ਤੁਹਾਨੂੰ ਕੋਈ ਸਮੱਸਿਆ ਨਹੀਂ ? ਤੁਸੀਂ ਮੈਨੂੰ ਮਿਲਣ ਲਈ ਕਿਉਂ ਨਹੀਂ ਆਉਂਦੇ?’’ ਕਿਸਾਨ ਨੇ ਬਹੁਤ ਹੀ ਹਲੀਮੀ ਨਾਲ ਜਵਾਬ ਦਿੱਤਾ, ‘‘ਮਹਾਰਾਜ! ਮੈਨੂੰ ਮੁਆਫ਼ ਕਰਨਾ, ਅਜੇ ਮੇਰੇ ਪਰਿਵਾਰ ਦੇ ਗੁਜ਼ਾਰੇ ਲਈ ਮੇਰੇ ਕੋਲ ਸਭ ਕੁਝ ਹੈ। ਉਸ ਪਰਮਾਤਮਾ ਦੀ ਮੇਰੇ ਉੱਪਰ ਬਹੁਤ ਕਿਰਪਾ ਹੈ। ਬੰਦੇ ਦੀਆਂ ਸਮੱਸਿਆਵਾਂ ਅਤੇ ਜ਼ਰੂਰਤਾਂ ਤਾਂ ਕਦੇ ਖ਼ਤਮ ਹੋਣੀਆਂ ਹੀ ਨਹੀਂ। ਦੂਜਿਆਂ ਅੱਗੇ ਹੱਥ ਫੈਲਾਉਣ ਨਾਲੋਂ ਤਾਂ ਚੰਗਾ ਹੈ ਕਿ ਖ਼ੁਦ ਹੱਥੀਂ ਮਿਹਨਤ ਕਰਕੇ ਆਪਣੀਆਂ ਜ਼ਰੂਰਤਾਂ ਪੂਰੀਆਂ ਕੀਤੀਆਂ ਜਾਣ। ਮਿਹਨਤ ਨਾਲ ਆਪਣਾ ਪੇਟ ਭਰਨ ਦਾ ਆਪਣਾ ਹੀ ਆਨੰਦ ਹੁੰਦਾ ਹੈ। ਜਿਸ ਦਿਨ ਮੈਨੂੰ ਲੋੜ ਪਈ, ਉਸ ਦਿਨ ਮੈਂ ਆਪ ਜੀ ਦੇ ਦਰਬਾਰ ਵਿੱਚ ਹਾਜ਼ਰ ਹੋ ਜਾਵਾਂਗਾ।’’
ਰਿਆਸਤ ਦਾ ਰਾਜਾ ਉਸ ਕਿਸਾਨ ਦੇ ਸਬਰ, ਸੰਤੋਖ ਅਤੇ ਉਸ ਦੀਆਂ ਗੱਲਾਂ ਸੁਣ ਕੇ ਹੈਰਾਨ ਹੋ ਰਿਹਾ ਸੀ। ਉਸ ਨੇ ਕਿਸਾਨ ਨੂੰ ਫੇਰ ਸਵਾਲ ਕੀਤਾ, ‘‘ਨੇਕ ਇਨਸਾਨ, ਕਈ ਮਹੀਨਿਆਂ ਤੋਂ ਮੀਂਹ ਨਹੀਂ ਪੈ ਰਿਹਾ। ਲੋਕਾਂ ਨੂੰ ਅੰਨ ਨਹੀਂ ਮਿਲ ਰਿਹਾ। ਤੂੰ ਅੰਨ ਤੋਂ ਬਿਨਾਂ ਆਪਣੇ ਪਰਿਵਾਰ ਦਾ ਗੁਜ਼ਾਰਾ ਕਿਵੇਂ ਕਰ ਰਿਹਾ ਏਂ?’’ ਕਿਸਾਨ ਨੇ ਅੱਗੋਂ ਕਿਹਾ, ‘‘ਮਹਾਰਾਜ, ਮੈਂ ਪਹਿਲਾਂ ਵੀ ਕਈ ਵੇਰਾਂ ਇਸ ਤਰ੍ਹਾਂ ਦੀਆਂ ਕੁਦਰਤੀ ਆਫ਼ਤਾਂ ਵੇਖ ਚੁੱਕਾ ਹਾਂ। ਮੈਂ ਇਹੋ ਜਿਹੇ ਸਮੇਂ ਲਈ ਆਪਣੇ ਕੋਲ ਅੰਨ ਜਮ੍ਹਾਂ ਰੱਖਦਾ ਹਾਂ। ਮੈਂ ਅਜੇ ਤੱਕ ਕਦੇ ਵੀ ਸ਼ਾਹੀ ਅੰਨ ਭੰਡਾਰ ਤੋਂ ਅੰਨ ਨਹੀਂ ਲਿਆ।’’
ਹੁਣ ਰਾਜੇ ਕੋਲ ਉਸ ਕਿਸਾਨ ਨੂੰ ਪੁੱਛਣ ਲਈ ਕੋਈ ਸਵਾਲ ਬਾਕੀ ਨਹੀਂ ਰਹਿ ਗਿਆ ਸੀ। ਰਾਜੇ ਨੇ ਆਪਣੇ ਇੱਕ ਮੰਤਰੀ ਨੂੰ ਇਸ਼ਾਰਾ ਕਰਕੇ ਉਸ ਕਿਸਾਨ ਨੂੰ ਸੋਨੇ ਦੀਆਂ ਮੋਹਰਾਂ ਦੀ ਥੈਲੀ ਦੇਣ ਲਈ ਕਿਹਾ।
ਕਿਸਾਨ ਨੇ ਰਾਜੇ ਨੂੰ ਪੁੱਛਿਆ, ‘‘ਮਹਾਰਾਜ, ਇਹ ਕੀ ਹੈ?’’ ਰਾਜੇ ਨੇ ਅੱਗੋਂ ਕਿਹਾ, ‘‘ਇਹ ਤੇਰੇ ਪਸੀਨੇ ਦੀਆਂ ਮੋਹਰਾਂ ਨੇ।’’ ਕਿਸਾਨ ਨੇ ਅੱਗੋਂ ਕਿਹਾ, ‘‘ਮਹਾਰਾਜ, ਮੈਂ ਮੁਆਫ਼ੀ ਚਾਹੁੰਦਾ ਹਾਂ। ਬਿਨਾਂ ਕੁਝ ਕੀਤੇ ਲਈਆਂ ਇਹ ਸ਼ਾਹੀ ਮੋਹਰਾਂ ਮੈਨੂੰ ਮਿਹਨਤ ਕਰਨ ਦੀ ਭਾਵਨਾ ਤੋਂ ਦੂਰ ਲੈ ਜਾਣਗੀਆਂ, ਤੁਸੀਂ ਜੇਕਰ ਮੇਰੇ ਉੱਤੇ ਮਿਹਰਬਾਨੀ ਕਰਨੀ ਹੀ ਚਾਹੁੰਦੇ ਹੋ ਤਾਂ ਮੇਰੇ ਇੱਕ ਬੱਚੇ ਨੂੰ ਨੌਕਰੀ ਦੇ ਦਿਓ।’’ ਰਾਜੇ ਨੇ ਅੱਗੋਂ ਕਿਹਾ, ‘‘ਸ੍ਰੀ ਮਾਨ, ਕੱਲ੍ਹ ਹੀ ਆਪਣੇ ਪੁੱਤਰ ਨੂੰ ਨੌਕਰੀ ’ਤੇ ਭੇਜ ਦੇਣਾ, ਤੁਹਾਡੇ ਜਿਹੇ ਇਮਾਨਦਾਰ ਲੋਕਾਂ ਦੀ ਮੇਰੀ ਰਿਆਸਤ ਨੂੰ ਬਹੁਤ ਲੋੜ ਹੈ।’’
ਸੰਪਰਕ: 98726-27136