ਕਰਮਜੀਤ ਸਿੰਘ ਚਿੱਲਾ
ਬਨੂੜ, 31 ਜਨਵਰੀ
ਅਜ਼ੀਜ਼ਪੁਰ ਪਲਾਜ਼ੇ ਉੱਤੇ ਹੋਈ ਇਕੱਤਰਤਾ ਵਿੱਚ ਕਿਸਾਨਾਂ ਨੂੰ ਪਿੰਡ ਪੱਧਰ ਉੱਤੇ ਦਿੱਲੀ ਭੇਜਣ ਲਈ ਪਿੰਡ ਪੱਧਰ ’ਤੇ ਕਮੇਟੀਆਂ ਗਠਨ ਕਰਨ ਦਾ ਫੈਸਲਾ ਕੀਤਾ ਗਿਆ ਤੇ ਹਰੇਕ ਪਿੰਡ ਵਿੱਚੋਂ ਟਰਾਲੀ ਦਿੱਲੀ ਭੇਜਣ ਦਾ ਅਹਿਦ ਲਿਆ ਗਿਆ।
ਇਸ ਮੌਕੇ ਕਿਸਾਨ ਜਥੇਬੰਦੀਆਂ ਦੇ ਸੱਦੇ ਤੇ ਗਿਆਰਾਂ ਕਿਸਾਨਾਂ ਵੱਲੋਂ ਭੁੱਖ ਹੜਤਾਲ ਰੱਖੀ ਗਈ। ਜਾਣਕਾਰੀ ਮੁਤਾਬਕ ਇਸ ਦੌਰਾਨ ਪਿੰਡ ਖਾਨਪੁਰ ਖੱਦਰ, ਰਾਜੋਮਾਜਰਾ, ਖੇੜੀ ਗੁਰਨਾ, ਸੇਖਨਮਾਜਰਾ ਦੀਆਂ ਪੰਚਾਇਤਾਂ, ਗੁਰਦੁਆਰਿਆਂ ਦੀਆਂ ਕਮੇਟੀਆਂ ਅਤੇ ਯੁਵਕ ਕਲੱਬਾਂ ਦੇ ਮੈਂਬਰਾਂ ਨੇ ਪਿੰਡ ਵਾਸੀਆਂ ਦਾ ਇਕੱਠ ਕਰ ਕੇ ਮਤੇ ਪਾਸ ਕੀਤੇ।
ਦਿੱਲੀ ਜਾਣ ਵਾਲੇ ਟਰੈਕਟਰ-ਟਰਾਲੀਆਂ ਨੂੰ ਡੀਜ਼ਲ ਮੁਹੱਈਆ ਕਰਵਾਉਣ ਦਾ ਫ਼ੈਸਲਾ
ਮਿਸ਼ਨ ਵਿੱਦਿਆ ਫਾਊਂਡੇਸ਼ਨ ਅਤੇ ਪ੍ਰੈੱਸ ਕਲੱਬ ਬਨੂੜ ਵੱਲੋਂ ਬਨੂੜ ਖੇਤਰ ਤੋਂ ਅਗਲੇ ਪੰਜ ਦਿਨਾਂ ਦੌਰਾਨ ਦਿੱਲੀ ਦੇ ਕਿਸਾਨੀ ਧਰਨਿਆਂ ਵਿੱਚ ਸ਼ਿਰਕਤ ਕਰਨ ਵਾਲੇ ਟਰੈਕਟਰਾਂ-ਟਰਾਲੀਆਂ ਲਈ ਦੋ-ਦੋ ਹਜ਼ਾਰ ਰੁਪਏ ਦਾ ਡੀਜ਼ਲ ਮੁਹੱਈਆ ਕਰਾਇਆ ਜਾਵੇਗਾ। ਆਗੂਆ ਨੇ ਦੱਸਿਆ ਇਹ ਸੇਵਾ ਬਨੂੜ ਖੇਤਰ ਦੇ ਪਿੰਡਾਂ ਦੇ ਕਿਸਾਨਾਂ ਨੂੰ ਉਤਸ਼ਾਹਿਤ ਕਰਨ ਲਈ ਸ਼ੁਰੂ ਕੀਤੀ ਗਈ ਹੈ ਅਤੇ 3 ਫਰਵਰੀ ਤੱਕ ਜਾਰੀ ਰਹੇਗੀ।