ਟ੍ਰਿਬਿਊਨ ਨਿਊਜ਼ ਸਰਵਿਸ
ਅੰਮ੍ਰਿਤਸਰ, 14 ਦਸੰਬਰ
ਇੱਥੇ ਇੱਕ ਨੌਜਵਾਨ ਰੌਬਿਨ ਦੀ ਭੇਤ-ਭਰੀ ਹਾਲਤ ਵਿਚ ਮੌਤ ਹੋ ਗਈ ਹੈ। ਇਸ ਸਬੰਧ ਵਿਚ ਦੋਸ਼ ਲਾਇਆ ਗਿਆ ਹੈ ਕਿ ਬੀਤੀ ਸ਼ਾਮ ਕੁਝ ਵਿਅਕਤੀਆਂ ਨੇ ਜਬਰੀ ਉਸ ਨੂੰ ਤੇਜਾਬ ਜਾਂ ਜ਼ਹਿਰੀਲੀ ਚੀਜ਼ ਪਿਆ ਦਿੱਤੀ ਸੀ ਤੇ ਅੱਜ ਉਸ ਦੀ ਇੱਥੇ ਗੁਰੂ ਰਾਮਦਾਸ ਹਸਪਤਾਲ ਵਿਚ ਮੌਤ ਹੋ ਗਈ ਹੈ।
ਰੌਬਿਨ ਸੁਲਤਾਨਵਿੰਡ ਰੋਡ ਵਿਚ ਟਾਹਲੀ ਸਾਹਿਬ ਬਾਜ਼ਾਰ ਦਾ ਵਾਸੀ ਹੈ। ਅੱਜ ਉਸ ਦੀ ਮੌਤ ਮਗਰੋਂ ਮ੍ਰਿਤਕ ਦੀ ਪਤਨੀ ਮਾਨਸੀ ਦੀ ਸ਼ਿਕਾਇਤ ਦੇ ਆਧਾਰ ’ਤੇ ਪੁਲੀਸ ਨੇ ਇਕ ਸੁਨਿਆਰੇ ਜਸਬੀਰ ਸਿੰਘ, ਦੀਪਕ ਤੇ ਦੋ ਹੋਰ ਅਣਪਛਾਤਿਆਂ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਰੌਬਿਨ ਹਿਮਾਚਲ ਪ੍ਰਦੇਸ਼ ਦੇ ਊਨਾ ਦਾ ਰਹਿਣ ਵਾਲਾ ਹੈ ਪਰ ਉਹ ਇੱਥੇ ਜਸਬੀਰ ਸਿੰਘ ਨਾਲ ਕੰਮ ਕਰਦਾ ਸੀ। ਇੱਥੇ ਹੀ ਕਿਰਾਏ ਦਾ ਮਕਾਨ ਲੈ ਕੇ ਆਪਣੇ ਪਰਿਵਾਰ ਨਾਲ ਰਹਿ ਰਿਹਾ ਸੀ। ਮਾਨਸੀ ਨੇ ਆਪਣੀ ਸ਼ਿਕਾਇਤ ਵਿਚ ਦੱਸਿਆ ਕਿ ਜਸਬੀਰ ਸਿੰਘ ਨੇ ਉਸ ਦੇ ਪਤੀ ਨੂੰ ਸੋਨੇ ਅਤੇ ਚਾਂਦੀ ਗਹਿਣੇ ਤਿਆਰ ਕਰਨ ਵਾਸਤੇ ਦਿੱਤਾ ਸੀ, ਜੋ ਉਸ ਨੇ ਕੱਲ੍ਹ ਵਾਪਸ ਕਰਨੇ ਸਨ। ਪਰ ਉਹ ਕੱਲ੍ਹ ਤਕ ਇਹ ਗਹਿਣੇ ਤਿਆਰ ਨਹੀਂ ਸੀ ਕਰ ਸਕਿਆ। ਇਸ ਕਾਰਨ ਉਹ ਨਾਰਾਜ਼ ਸੀ ਅਤੇ ਇਸ ਮਾਮਲੇ ਨੂੰ ਲੈ ਕੇ ਉਸ ਦੇ ਪਤੀ ਨਾਲ ਝਗੜਾ ਵੀ ਕੀਤਾ ਸੀ। ਇਸ ਝਗੜੇ ਦੌਰਾਨ ਹੀ ਕੁਝ ਬੰਦਿਆਂ ਨੇ ਉਸ ਦੇ ਪਤੀ ਦੀਆਂ ਬਾਹਾਂ ਫੜ ਲਈਆਂ ਅਤੇ ਜਬਰੀ ਉਸ ਦੇ ਮੂੰਹ ਵਿਚ ਤੇਜ਼ਾਬ ਜਾਂ ਕੋਈ ਜ਼ਹਿਰੀਲੀ ਚੀਜ਼ ਪਾ ਦਿੱਤੀ। ਇਸ ਨਾਲ ਉਸ ਦੀ ਸਿਹਤ ਵਿਗੜ ਗਈ। ਉਸ ਨੂੰ ਤੁਰੰਤ ਇਲਾਜ ਲਈ ਹਸਪਤਾਲ ਲਿਜਾਇਆ ਗਿਆ, ਜਿਥੇ ਉਸ ਦੀ ਮੌਤ ਹੋ ਗਈ।
ਪੁਲੀਸ ਸੂਤਰਾਂ ਮੁਤਾਬਕ ਮੁੱਢਲੀ ਜਾਂਚ ਵਿਚ ਸਾਹਮਣੇ ਆਇਆ ਹੈ ਕਿ ਰੌਬਿਨ ਨੇ ਗਹਿਣੇ ਤਿਆਰ ਕਰਨ ਲਈ ਅਗਾਊਂ ਰਕਮ ਮੰਗੀ ਸੀ, ਜਿਸ ਨੂੰ ਲੈ ਕੇ ਤਕਰਾਰ ਹੋਈ ਸੀ। ਥਾਣਾ ਬੀ-ਡਿਵੀਜ਼ਨ ਦੇ ਐਸਐਚਓ ਪ੍ਰਭਜੋਤ ਸਿੰਘ ਨੇ ਆਖਿਆ ਕਿ ਜਾਂਚ ਕੀਤੀ ਜਾ ਰਹੀ ਹੈ ਕਿ ਉਸ ਨੂੰ ਕੋਈ ਜ਼ਹਿਰੀਲੀ ਚੀਜ਼ ਜਬਰੀ ਪਿਆਈ ਗਈ ਜਾਂ ਉਸ ਨੇ ਖ਼ੁਦ ਪੀ ਲਈ। ਇਸ ਸਬੰਧੀ ਮੈਡੀਕਲ ਬੋਰਡ ਵੀ ਬਣਾਇਆ ਗਿਆ ਹੈ। ਫ਼ਿਲਹਾਲ ਮ੍ਰਿਤਕ ਦੀ ਪਤਨੀ ਦੀ ਸ਼ਿਕਾਇਤ ਦੇ ਆਧਾਰ ’ਤੇ ਜਸਬੀਰ ਸਿੰਘ ਸਣੇ ਤਿੰਨ ਜਣਿਆਂ ਨੂੰ ਕਤਲ ਦੇ ਦੋਸ਼ ਹੇਠ ਨਾਮਜ਼ਦ ਕੀਤਾ ਗਿਆ ਹੈ। ਇਸ ਦੌਰਾਨ ਜਸਬੀਰ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ ਅਤੇ ਦੀਪਕ ਨੂੰ ਵੀ ਹਿਰਾਸਤ ਵਿਚ ਲਿਆ ਹੈ।