ਨਿੱਜੀ ਪੱਤਰ ਪ੍ਰੇਰਕ
ਜਗਰਾਉਂ, 27 ਮਈ
ਸੜੇ ਹੋਏ ਟਰਾਂਸਫਾਰਮਰ ਬਦਲਣ ਲਈ ਇਥੇ ਮੋਗਾ ਰੋਡ ਸਥਿਤ ਟੀਆਰਵਾਈ ਉਪ-ਮੰਡਲ ਕੁਝ ਸਮੇਂ ਤੋਂ ਬੰਦ ਪਿਆ ਹੋਣ ਕਾਰਨ ਲੋਕ ਖੁਆਰ ਹੋ ਰਹੇ ਹਨ। ਇਸ ਦੇ ਬੰਦ ਹੋਣ ਕਰਕੇ ਲੋਕਾਂ ਨੂੰ ਟਰਾਂਸਫਾਰਮਰ ਬਦਲਣ ਲਈ ਦੋਰਾਹੇ ਜਾਣਾ ਪੈਂਦਾ ਸੀ ਪਰ ਹੁਣ ਲੋਕਾਂ ਨੂੰ ਇਸ ਤੋਂ ਰਾਹਤ ਮਿਲ ਗਈ ਹੈ। ‘ਆਪ’ ਸਰਕਾਰ ਬਣਨ ਤੋਂ ਬਾਅਦ ਹਲਕਾ ਵਿਧਾਇਕ ਸਰਵਜੀਤ ਕੌਰ ਮਾਣੂੰਕੇ ਦੇ ਯਤਨਾਂ ਨਾਲ ਇਹ ਟੀਆਰਵਾਈ ਉਪ-ਮੰਡਲ ਮੁੜ ਚਾਲੂ ਕਰ ਦਿੱਤਾ ਗਿਆ ਹੈ। ਜ਼ਿਕਰਯੋਗ ਹੈ ਕਿ ਬਿਜਲੀ ਦੇ ਟਰਾਂਸਫਾਰਮਰ ਸੜ ਜਾਣ ’ਤੇ ਉਹ ਟੀਆਰਵਾਈ ਉਪ ਮੰਡਲ ਵਿੱਚ ਜਮ੍ਹਾਂ ਹੁੰਦੇ ਸਨ ਪਰ ਇਹ ਉਪ ਮੰਡਲ ਲੰਮੇ ਸਮੇਂ ਤੋਂ ਬੰਦ ਚੱਲਿਆ ਆ ਰਿਹਾ ਸੀ ਅਤੇ ਲੋਕਾਂ ਨੂੰ ਆਪਣੇ ਸੜੇ ਹੋਏ ਟਰਾਂਸਫਾਰਮਰ ਬਦਲੀ ਕਰਨ ਲਈ ਦੋਰਾਹਾ ਜਾਣਾ ਪੈਂਦਾ ਸੀ। ਟਰਾਂਸਫਾਰਮਰਾਂ ਦੀ ਢੋਆ-ਢੁਆਈ ਨਾਲ ਜਿੱਥੇ ਲੋਕਾਂ ਦਾ ਪੈਸਾ ਬਰਬਾਦ ਹੁੰਦਾ ਸੀ, ਉਥੇ ਸਮਾਂ ਵੀ ਖ਼ਰਾਬ ਹੁੰਦਾ ਸੀ। ਜਦੋਂ ਇਸ ਮਾਮਲੇ ਦਾ ਵਿਧਾਇਕਾ ਮਾਣੂੰਕੇ ਨੂੰ ਪਤਾ ਚੱਲਿਆ ਤਾਂ ਉਨ੍ਹਾਂ ਤੁਰੰਤ ਕਾਰਵਾਈ ਕਰਦਿਆਂ ਪਾਵਰਕੌਮ ਦੇ ਡਿਪਟੀ ਚੀਫ਼ ਇੰਜਨੀਅਰ ਦਿਹਾਤੀ ਲੁਧਿਆਣਾ ਇੰਜ. ਅਨਿਲ ਕੁਮਾਰ ਅਤੇ ਮੁੱਖ ਇੰਜਨੀਅਰ ਲੁਧਿਆਣਾ ਇੰਜ. ਹਰਜੀਤ ਸਿੰਘ ਗਿੱਲ ਨਾਲ ਰਾਬਤਾ ਕਾਇਮ ਕੀਤਾ। ਮੈਨੇਜਮੈਂਟ ਅਤੇ ਪੰਜਾਬ ਸਰਕਾਰ ਨਾਲ ਮਾਮਲਾ ਵਿਚਾਰ ਕੇ ਲੋਕਾਂ ਦੀ ਵੱਡੀ ਸਮੱਸਿਆ ਹੱਲ ਕਰਨ ਲਈ ਟੀਆਰਵਾਈ ਉਪ ਮੰਡਲ ਜਗਰਾਉਂ ਮੁੜ ਚਾਲੂ ਕਰਵਾ ਦਿੱਤਾ। ਉਦਘਾਟਨ ਮੌਕੇ ਖਪਤਕਾਰਾਂ ਅਤੇ ਕਾਮਿਆਂ ਨੂੰ ਸੰਬੋਧਨ ਕਰਦਿਆਂ ਵਿਧਾਇਕ ਮਾਣੂੰਕੇ ਨੇ ਕਿਹਾ ਕਿ ਗਰਮੀ ਅਤੇ ਝੋਨੇ ਦੇ ਸੀਜ਼ਨ ਨੂੰ ਵੇਖਦਿਆਂ ਲੋਕਾਂ ਨੂੰ ਰਾਹਤ ਦੇਣ ਲਈ ਬੰਦ ਹੋ ਚੁੱਕੇ ਉਪ-ਮੰਡਲ ਨੂੰ ਚਾਲੂ ਕਰਵਾਇਆ ਗਿਆ ਹੈ। ਉਨ੍ਹਾਂ ਕਿਹਾ ਕਿ ਲੋਕ ਸੇਵਾ ਉਨ੍ਹਾਂ ਦਾ ਮਿਸ਼ਨ ਹੈ ਅਤੇ ਲੋਕਾਂ ਦੀਆਂ ਸਮੱਸਿਆਵਾਂ ਹੱਲ ਕਰਨ ਲਈ ਉਹ ਹਮੇਸ਼ਾ ਯਤਨਸ਼ੀਲ ਰਹਿਣਗੇ। ਇਸ ਮੌਕੇ ਪ੍ਰੋ. ਸੁਖਵਿੰਦਰ ਸੁੱਖੀ, ਪ੍ਰੀਤਮ ਸਿੰਘ ਅਖਾੜਾ, ਡਿਪਟੀ ਚੀਫ਼ ਇੰਜਨੀਅਰ ਦਿਹਾਤੀ ਲੁਧਿਆਣਾ ਇੰਜ. ਅਨਿਲ ਕੁਮਾਰ, ਐਕਸੀਅਨ ਸਟੋਰ ਲੁਧਿਆਣਾ ਇੰਜ. ਰਵੀ ਚੋਪੜਾ, ਐਕਸੀਅਨ ਗੁਰਕ੍ਰਿਪਾਲ ਸਿੰਘ ਰੰਧਾਵਾ ਆਦਿ ਨੇ ਵੀ ਸੰਬੋਧਨ ਕੀਤਾ। ਸਟੇਜ ਸੰਚਾਲਨ ਦੀ ਜ਼ਿੰਮੇਵਾਰੀ ਪਰਮਜੀਤ ਸਿੰਘ ਚੀਮਾ ਨੇ ਨਿਭਾਈ।