ਪੱਤਰ ਪ੍ਰੇਰਕ
ਜਗਰਾਉਂ, 27 ਮਈ
ਜ਼ਿਲ੍ਹੇ ਦੇ ਟਰਾਂਸਪੋਟਰ ਵਿਭਾਗ ਦੇ ਆਰਟੀਓ ਨਰਿੰਦਰ ਸਿੰਘ ਧਾਲੀਵਾਲ ਨੇ ਆਪਣੇ ਪੁਰਾਣੇ ਉਪ-ਮੰਡਲ ਅਧਿਕਾਰ ਖੇਤਰ ਵਿੱਚ ਵਿਸ਼ੇਸ਼ ਨਾਕਾ ਲਾ ਕੇ ਬੱਸਾਂ ਅਤੇ ਹੋਰ ਕਮਰਸ਼ੀਅਲ ਵਾਹਨਾਂ ਦੇ ਕਾਗਜ਼ਾਂ ਦੀ ਪੜਤਾਲ ਕੀਤੀ। ਇਸ ਦੌਰਾਨ ਜਿਹੜੇ ਵਾਹਨ ਓਵਰਲੋਡ ਅਤੇ ਘੱਟ ਕਾਗਜ਼ਾਂ ਵਾਲੇ ਪਾਏ ਗਏ ਉਨ੍ਹਾਂ ਦੇ ਮੌਕੇ ’ਤੇ ਹੀ ਚਲਾਨ ਕੱਟੇ ਗਏ ਅਤੇ ਇੱਕ ਨਿੱਜੀ ਕੰਪਨੀ ਦੀ ਬੱਸ ਨੂੰ ਵੀ ਜ਼ਬਤ ਕੀਤਾ ਗਿਆ। ਅੱਜ ਦੀ ਕਾਰਵਾਈ ਵਿੱਚ ਆਰਟੀਓ ਧਾਲੀਵਾਲ ਨੇ ਟਿੱਪਰ, ਟਰੈਕਟਰ-ਟਰਾਲੀਆਂ ਜਿੰਨ੍ਹਾਂ ਨੂੰ ਵਪਾਰਕ ਕੰਮਾਂ ਕਾਰਾਂ ਲਈ ਵਰਤਿਆ ਜਾ ਰਿਹਾ ਸੀ ਨੂੰ ਵੀ ਜ਼ਬਤ ਕੀਤਾ। ਸ੍ਰੀ ਧਾਲੀਵਾਲ ਨੇ ਦੱਸਿਆ ਕਿ ਵਾਹਨ ਚਾਲਕ ਅਤੇ ਮਾਲਕਾਂ ਦਾ ਫਰਜ਼ ਬਣਦਾ ਹੈ ਕਿ ਆਪਣੇ ਵਾਹਨਾਂ ਦੇ ਕਾਗਜ਼ ਪੂਰੇ ਰੱਖਣ। ਇਸ ਵਿੱਚ ਕਿਸੇ ਵੀ ਤਰ੍ਹਾਂ ਦੀ ਕੁਤਾਹੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਉਨ੍ਹਾਂ ਆਉਂਦੇ ਦਿਨਾਂ ਵਿੱਚ ਹੋਰ ਸਖਤ ਰੁਖ਼ ਅਪਣਾਉਣ ਦੀ ਚਿਤਾਵਨੀ ਦਿੰਦੇ ਹੋਏ ਕੁੱਝ ਵਾਹਨਾਂ ਨੂੰ ਤਾੜਨਾਂ ਦੇ ਕੇ ਛੱਡਦੇ ਹੋਏ ਅੱਗੇ ਤੋਂ ਕਾਇਦੇ ਵਿੱਚ ਚੱਲਣ ਦੀਆ ਹਦਾਇਤਾਂ ਵੀ ਕੀਤੀਆਂ। ਇਸ ਕਾਰਵਾਈ ਤੋਂ ਬਹੁ-ਗਿਣਤੀ ਵਾਹਨ ਚਾਲਕ ਅਤੇ ਮਾਲਕ ਘਬਰਾਹਟ ਵਿੱਚ ਦੇਖੇ ਗਏ।