ਨਵੀਂ ਦਿੱਲੀ, 16 ਨਵੰਬਰ
ਇੱਥੋਂ ਦੀ ਇੱਕ ਅਦਾਲਤ ਨੇ ਇੱਕ ਵਿਅਕਤੀ ਤੋਂ ਪੈਸੇ ਲੈਣ ਦੇ ਬਾਵਜੂਦ ਉਸ ਨੂੰ ਹੈਲੀਕਾਪਟਰ ਸੇਵਾ ਮੁਹੱਈਆ ਕਰਵਾਉਣ ’ਚ ਅਸਮਰੱਥ ਰਹੀ ਸ਼ਹਿਰ ਦੀ ਹਵਾਈ ਸੇਵਾਵਾਂ ਮੁਹੱਈਆਂ ਕਰਵਾਉਣ ਵਾਲੀ ਕੰਪਨੀ ਦੇ ਦੋ ਨਿਰਦੇਸ਼ਕਾਂ ਖ਼ਿਲਾਫ਼ ਕੇਸ ਦਰਜ ਕਰਨ ਦੇ ਹੁਕਮ ਦਿੱਤੇ ਹਨ। ਅਦਾਲਤ ਨੇ ਕਿਹਾ ਕਿ ਦੋਵਾਂ ਨਿਰਦੇਸ਼ਕਾਂ ਵੱਲੋਂ ਧੋਖਾਧੜੀ ਕਰਨ ਦੀ ਨੀਅਤ ਸਪੱਸ਼ਟ ਤੌਰ ’ਤੇ ਵਿਖਾਈ ਦੇ ਰਹੀ ਹੈ। ਵਧੀਕ ਸੈਸ਼ਨ ਜੱਜ ਅਨੁਜ ਅਗਰਵਾਲ ਨੇ ਇਹ ਹੁਕਮ ਸ਼ਿਕਾਇਤਕਰਤਾ ਅਨੀਸ ਅਹਿਮਦ ਵੱਲੋਂ ਮੈਜਿਸਟਰੇਟ ਦੇ ਹੁਕਮ ਖ਼ਿਲਾਫ਼ ਦਾਖ਼ਲ ਰੀਵਿਊ ਪਟੀਸ਼ਨ ’ਤੇ ਦਿੱਤਾ। ਦਰਅਸਲ, ਸ਼ਿਕਾਇਤਕਰਤਾ ਨੇ ਇਸ ਕੰਪਨੀ ਦੇ ਦੋ ਨਿਰਦੇਸ਼ਕਾਂ ਅਤੇ ਇੱਕ ਮੁਲਾਜ਼ਮ ਖ਼ਿਲਾਫ਼ ਮਾਰਚ 2019 ਵਿੱਚ ਪੰਜ ਲੱਖ ਰੁਪਏ ਦੀ ਅਦਾਇਗੀ ਲੈਣ ਦੇ ਬਾਵਜੂਦ ਉਸਦੀ ਭਤੀਜੀ ਦੇ ਵਿਆਹ ’ਤੇ ਹੈਲੀਕਾਪਟਰ ਸੇਵਾ ਮੁਹੱਈਆ ਨਾ ਕਰਵਾਉਣ ’ਤੇ ਤਿੰਨਾਂ ਖ਼ਿਲਾਫ਼ ਐੱਫਆਈਆਰ ਦਰਜ ਕਰਨ ਲਈ ਅਪੀਲ ਦਾਖ਼ਲ ਕੀਤੀ ਸੀ, ਜਿਸਨੂੰ ਮੈਜਿਸਟਰੇਟ ਨੇ ਰੱਦ ਕਰ ਦਿੱਤਾ ਸੀ। ਸ਼ਿਕਾਇਤਕਰਤਾ ਦਾ ਦੋਸ਼ ਸੀ ਕਿ ਨਿਰਦੇਸ਼ਕ ਨੇ ਹੈਲੀਕਾਪਟਰ ਸੇਵਾ ਨਾ ਦੇਣ ਤੋਂ ਬਾਅਦ ਉਸਦੇ ਪੈਸੇ ਵਾਪਸ ਨਹੀਂ ਕੀਤੇ ਤੇ ਉਸਦੇ ਫੋਨ ਚੁੱਕਣੇ ਵੀ ਬੰਦ ਕਰ ਦਿੱਤੇ, ਜਿਸ ਤੋਂ ਬਾਅਦ ਉਸ ਨੂੰ ਪਤਾ ਲੱਗਾ ਕਿ ਉਨ੍ਹਾਂ ਨੇ ਆਪਣਾ ਦਫ਼ਤਰ ਬੰਦ ਕਰ ਦਿੱਤਾ ਹੈ। ਉਸਨੇ ਦੋਸ਼ ਲਾਇਆ ਕਿ ਇਨ੍ਹਾਂ ’ਚੋਂ ਇੱਕ ਨਿਰਦੇਸ਼ਕ ਨੇ ਉਸ ਨੂੰ ਧਮਕੀ ਵੀ ਦਿੱਤੀ। -ਪੀਟੀਆਈ