ਕਰਮਜੀਤ ਸਿੰਘ ਚਿੱਲਾ
ਐਸ.ਏ.ਐਸ. ਨਗਰ (ਮੁਹਾਲੀ), 27 ਜੁਲਾਈ
ਪਿੰਡ ਬੈਰੋਂਪੁਰ ’ਚ ਅੱਜ ਐੱਚਪੀ ਕੰਪਨੀ ਦੀ ਲਾਂਡਰਾਂ ਸਥਿਤ ਇੱਕ ਗੈਸ ਏਜੰਸੀ ਦੀ ਗੱਡੀ ਲੋਕਾਂ ਨੇ ਕਈ ਘੰਟੇ ਘੇਰੀ ਰੱਖੀ। ਪਿੰਡ ਵਾਸੀਆਂ ਨੇ ਦੋਸ਼ ਲਾਇਆ ਕਿ ਗੱਡੀ ਰਾਹੀਂ ਸਪਲਾਈ ਕੀਤੇ ਜਾ ਰਹੇ ਸਿਲੰਡਰਾਂ ਵਿੱਚ ਦੋ ਤੋਂ ਤਿੰਨ ਕਿਲੋ ਤੱਕ ਗੈਸ ਘੱਟ ਹੈ। ਸਿਵਲ ਸਪਲਾਈ ਵਿਭਾਗ ਦੀ ਟੀਮ ਨੇ ਮੌਕੇ ’ਤੇ ਪਹੁੰਚ ਕੇ ਗੱਡੀ ਵਿਚਲੇ ਸਾਰੇ ਸਿਲੰਡਰ ਕਬਜ਼ੇ ’ਚ ਲੈ ਲਏ।
ਬੈਰੋਂਪੁਰ ਵਾਸੀ ਭੁਪਿੰਦਰ ਸਿੰਘ ਨੇ ਦੱਸਿਆ ਕਿ ਸਭ ਤੋਂ ਪਹਿਲਾਂ ਉਨ੍ਹਾਂ ਗੱਡੀ ਵਿੱਚੋਂ ਸਿਲੰਡਰ ਲਿਆ। ਘੱਟ ਭਾਰ ਦਾ ਸ਼ੱਕ ਹੋਣ ’ਤੇ ਉਨ੍ਹਾਂ ਸਿਲੰਡਰ ਦਾ ਭਾਰ ਕਰਿੰਦਿਆਂ ਕੋਲੋਂ ਚੈੱਕ ਕਰਾਇਆ ਤੇ ਉਨ੍ਹਾਂ ਨੇ 30 ਕਿਲੋ ਵਜ਼ਨ ਦੱਸਿਆ। ਉਨ੍ਹਾਂ ਦੱਸਿਆ ਕਿ ਜਦੋਂ ਉਨ੍ਹਾਂ ਨੇ ਘਰ ਜਾ ਕੇ ਸਿਲੰਡਰ ਦਾ ਭਾਰ ਵੇਖਿਆ ਤਾਂ ਇਹ 27 ਕਿੱਲੋ ਸੀ। ਉਨ੍ਹਾਂ ਦੱਸਿਆ ਕਿ ਉਹ ਵਾਪਸ ਗੱਡੀ ਕੋਲ ਆਏ ਤੇ ਮੌਕੇ ’ਤੇ ਮੌਜੂਦ ਲੋਕਾਂ ਨੂੰ ਦੱਸਿਆ। ਕਰਿੰਦਿਆਂ ਨੇ ਸਬੰਧਤ ਖਪਤਕਾਰ ਨੂੰ ਸਿਲੰਡਰ ਬਦਲ ਕੇ ਦੇਣ ਦੀ ਕੋਸ਼ਿਸ਼ ਵੀ ਕੀਤੀ ਪਰ ਉਨ੍ਹਾਂ ਅਜਿਹਾ ਕਰਨ ਤੋਂ ਨਾਂਹ ਕਰਦਿਆਂ ਸਾਰਾ ਮਾਮਲਾ ਸਿਵਲ ਸਪਲਾਈ ਵਿਭਾਗ ਦੇ ਧਿਆਨ ਵਿੱਚ ਲਿਆਂਦਾ। ਪਿੰਡ ਵਾਸੀ ਪ੍ਰਦੀਪ ਕੁਮਾਰ ਤੇ ਹੋਰਨਾਂ ਨੇ ਦੱਸਿਆ ਕਿ ਵਿਭਾਗ ਦੀ ਟੀਮ ਨੇ ਸਮੁੱਚੇ ਸਿਲੰਡਰਾਂ ਦਾ ਵਜ਼ਨ ਕੀਤਾ ਅਤੇ ਪਿੰਡ ਦੇ ਲੋਕਾਂ ਦੇ ਬਿਆਨ ਕਲਮਬੱਧ ਕੀਤੇ। ਟੀਮ ਨੇ ਏਜੰਸੀ ਦੇ ਮੈਨੇਜਰ ਨੂੰ ਵੀ ਮੌਕੇ ’ਤੇ ਬੁਲਾਇਆ ਤੇ ਉਸ ਦੇ ਬਿਆਨ ਵੀ ਲਏ। ਬੈਰੋਂਪੁਰ ਵਾਸੀਆਂ ਨੇ ਮੰਗ ਕੀਤੀ ਕਿ ਘੱਟ ਗੈਸ ਸਪਲਾਈ ਕਰਨ ਵਾਲਿਆਂ ਖ਼ਿਲਾਫ਼ ਕਾਰਵਾਈ ਕੀਤੀ ਜਾਵੇ।
ਸਿਲੰਡਰਾਂ ’ਚੋਂ ਗੈਸ ਦੀ ਮਾਤਰਾ ਘੱਟ ਨਿਕਲੀ: ਮਾਵੀ
ਜ਼ਿਲ੍ਹਾ ਮੁਹਾਲੀ ਦੇ ਜ਼ਿਲ੍ਹਾ ਫੂਡ ਸਪਲਾਈ ਕੰਟਰੋਲਰ ਸਤਵੀਰ ਸਿੰਘ ਮਾਵੀ ਨੇ ਦੱਸਿਆ ਕਿ ਉਨ੍ਹਾਂ ਦੀ ਟੀਮ ਨੇ ਮੌਕੇ ਉੱਤੇ ਜਾ ਕੇ ਖਪਤਕਾਰਾਂ ਦੇ ਬਿਆਨ ਦਰਜ ਕੀਤੇ ਹਨ। ਵਿਭਾਗ ਨੇ ਲਗਪਗ 40 ਸਿਲੰਡਰ ਕਬਜ਼ੇ ਵਿੱਚ ਲਏ ਜਿਨ੍ਹਾਂ ਵਿੱਚ ਜ਼ਿਆਦਾਤਰ ਸਿਲੰਡਰਾਂ ਵਿੱਚ ਗੈਸ ਘੱਟ ਪਾਈ ਗਈ ਹੈ। ਉਨ੍ਹਾਂ ਦੱਸਿਆ ਕਿ ਸਬੰਧਿਤ ਗੈਸ ਏਜੰਸੀ ਉੱਤੇ ਕਾਰਵਾਈ ਕਰਨ ਲਈ ਐੱਚਪੀ ਗੈਸ ਦੇ ਅਧਿਕਾਰੀਆਂ ਨੂੰ ਪੱਤਰ ਲਿਖਿਆ ਗਿਆ ਹੈ, ਜਿਸ ਮਗਰੋਂ ਵਿਭਾਗ ਵੀ ਕਾਰਵਾਈ ਕਰੇਗਾ। ਜਦਕਿ ਸਿਵਲ ਸਪਲਾਈ ਵਿਭਾਗ ਦੇ ਸਬੰਧਿਤ ਟੀਮ ਦੇ ਇੰਸਪੈਕਟਰ ਜਸਦੀਪ ਸਿੰਘ ਨੇ ਫੋਨ ਨਹੀਂ ਚੁੱਕਿਆ ਅਤੇ ਭੇਜੇ ਗਏ ਮੈਸੇਜਾਂ ਦਾ ਜਵਾਬ ਵੀ ਨਹੀਂ ਦਿੱਤਾ।