ਮਨੋਜ ਸ਼ਰਮਾ
ਬਠਿੰਡਾ, 4 ਜੁਲਾਈ
ਪੰਜਾਬ ਦਾ ਸਕੂਲ ਸਿੱਖਿਆ ਵਿਭਾਗ ਸਕੂਲਾਂ ਦੀਆਂ ਪ੍ਰਾਪਤੀਆਂ ਅਤੇ ਵਿਦਿਆਰਥੀਆਂ ਦੀਆਂ ਗਤੀਵਿਧੀਆਂ ਵਾਲੀਆਂ ਵੀਡੀਓਜ਼ ਆਪਣੇ ਫੇਸਬੁੱਕ ਪੇਜ ’ਤੇ ਸਾਂਝੀਆਂ ਕਰਦਾ ਰਹਿੰਦਾ ਹੈ। ਪੰਜਾਬ ਦੇ 23 ਜ਼ਿਲ੍ਹਿਆਂ ਵਿੱਚ ਸਕੂਲ ਪ੍ਰਾਪਤੀਆਂ ਦਰਸਾਉਣ ਦਾ ਪਹਿਲਾ ਗੇੜ ਖ਼ਤਮ ਹੋਣ ਤੋਂ ਬਾਅਦ ਦੂਜੇ ਗੇੜ ਦੀ ਸ਼ੁਰੂਆਤ ਹੋ ਚੁੱਕੀ ਹੈ। ਪਹਿਲੇ ਗੇੜ ਦੌਰਾਨ ਸਿੱਖਿਆ ਮੰਤਰੀ, ਸਕੱਤਰ ਤੇ ਮੁੱਖ ਮੰਤਰੀ ਨੇ ਪੰਜਾਬ ਦੇ ਸਕੂਲਾਂ ਦੇ ਬਦਲਦੇ ਡਿਜੀਟਲ ਰੂਪ ਬਾਰੇ ਸਿੱਖਿਆ ਵਿਭਾਗ ਦੀ ਪਿੱਠ ਥਾਪੜੀ ਸੀ, ਇਸ ਸਬੰਧੀ ਜਾਰੀ ਵੀਡੀਓ ’ਤੇ ਲਾਈਕ ਨਾਲੋਂ ਜ਼ਿਆਦਾ ਡਿਸਲਾਈਕ ਮਿਲਣ ਕਾਰਨ ਸਿੱਖਿਆ ਵਿਭਾਗ ਵਿੱਚ ਹਲਚਲ ਸ਼ੁਰੂ ਹੋ ਗਈ ਸੀ। ਪਹਿਲੇ ਗੇੜ ਵਿੱਚ 21ਵੇਂ ਸਥਾਨ ’ਤੇ ਰਹਿਣ ਕਾਰਨ ਬਠਿੰਡਾ ਦਾ ਸਿੱਖਿਆ ਵਿਭਾਗ ਦੂਜੇ ਗੇੜ ਵਿਚ ਸਕੂਲ ਸਿੱਖਿਆ ਵਿਭਾਗ ਦੇ ਪੇਜ ’ਤੇ ਜ਼ਿਆਦਾ ਤੋਂ ਜ਼ਿਆਦਾ ਲਾਈਕ ਕਰਵਾਉਣ ਲਈ ਪੱਬਾਂ ਭਾਰ ਹੋ ਗਿਆ ਹੈ। ਬਠਿੰਡਾ ਨੂੰ ਪਹਿਲਾ ਸਥਾਨ ਦਿਵਾਉਣ ਲਈ ਸਿੱਖਿਆ ਅਫ਼ਸਰਾਂ ਵੱਲੋਂ ਸਕੂਲਾਂ ਵਿਚ ਕੰਮ ਕਰਦੇ ਅਧਿਆਪਕਾਂ ਨੂੰ ਹਦਾਇਤਾਂ ਜਾਰੀ ਕੀਤੀਆਂ ਜਾ ਰਹੀਆਂ ਹਨ ਕਿ ਇਸ ਵਾਰ ਬਠਿੰਡਾ ਜ਼ਿਲ੍ਹਾ ਫਾਡੀ ਨਹੀਂ ਰਹਿਣਾ ਚਾਹੀਦਾ। ਜ਼ਿਲ੍ਹਿਆਂ ਦੇ ਜਾਰੀ ਕੀਤੇ ਗਏ ਸ਼ਡਿਊਲ ਮੁਤਾਬਕ ਬਠਿੰਡਾ ਦੀ ਵਾਰੀ ਛੇ ਜੁਲਾਈ ਤੈਅ ਕੀਤੀ ਗਈ ਹੈ। ਇਸ ਤਹਿਤ ਉਨ੍ਹਾਂ ਅਧਿਆਪਕਾਂ ਨੂੰ ਛੇ ਜੁਲਾਈ ਦੀ ਰਾਤ 10 ਵਜੇ ਤੋਂ ਸੱਤ ਜੁਲਾਈ ਰਾਤ 10 ਵਜੇ ਤੱਕ ਸਿੱਖਿਆ ਵਿਭਾਗ ਦੇ ਪੇਜ ’ਤੇ ਵੱਧ ਤੋਂ ਵੱਧ ਲਾਈਕ ਕਰਨ ਲਈ ਕਿਹਾ ਗਿਆ ਹੈ।
ਇੱਕ ਸਕੂਲ ਅਧਿਆਪਕ ਨੇ ਆਪਣਾ ਨਾਂ ਗੁਪਤ ਰੱਖਣ ਦੀ ਸ਼ਰਤ ’ਤੇ ਦੱਸਿਆ ਕਿ ਇਸ ਸਬੰਧੀ ਜ਼ਿਲ੍ਹਾ ਸਿੱਖਿਆ ਅਫ਼ਸਰ (ਪ੍ਰਾਇਮਰੀ) ਵੱਲੋਂ ਜ਼ੂਮ ਮੀਟਿੰਗ ਰਾਹੀਂ ਅਧਿਆਪਕਾਂ ਨੂੰ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ। ਸੂਤਰਾਂ ਅਨੁਸਾਰ ਬਠਿੰਡਾ ਦੇ ਅਧਿਆਪਕ ਕਿਲ੍ਹਾ ਮੁਬਾਰਕ, ਜੌਗਰਜ਼ ਪਾਰਕ, ਜਿਮਾਂ ਧਾਰਮਿਕ ਸਥਾਨਾਂ ’ਤੇ ਜਾ ਕੇ ਸਿੱਖਿਆ ਵਿਭਾਗ ਦਾ ਪੇਜ ਲਾਈਕ ਕਰਨ ਲਈ ਕਹਿਣਗੇ। ਇਸੇ ਤਰ੍ਹਾਂ ਬੱਸ ਅੱਡਿਆਂ, ਰੇਲਵੇ ਸਟੇਸ਼ਨ ਅਤੇ ਜਨਤਕ ਸਥਾਨਾਂ ’ਤੇ ਅਜਿਹੀ ਮੁਹਿੰਮ ਵਿੱਢੀ ਜਾਵੇਗੀ।
ਅਧਿਆਪਕ ਵਿਭਾਗ ਦੇ ਸੇਲਜ਼ਮੈਨ ਨਹੀਂ: ਡੀਟੀਐੱਫ
ਅਧਿਆਪਕ ਜਥੇਬੰਦੀ ਡੈਮੋਕ੍ਰੈਟਿਕ ਟੀਚਰਜ਼ ਫਰੰਟ ਦੇ ਜ਼ਿਲ੍ਹਾ ਪ੍ਰਧਾਨ ਰੇਸ਼ਮ ਸਿੰਘ ਖੇਮੂਆਣਾ ਨੇ ਕਿਹਾ ਕਿ ਜਥੇਬੰਦੀ ਇਸ ਮੁਹਿੰਮ ਦਾ ਵਿਰੋਧ ਕਰਦੀ ਹੈ। ਉਨ੍ਹਾਂ ਕਿਹਾ ਕਿ ਅਧਿਆਪਕ ਵਿਭਾਗ ਦੇ ਸੇਲਜ਼ਮੈਨ ਨਹੀਂ ਹਨ। ਉਨ੍ਹਾਂ ਕਿਹਾ ਕਿ ਵਿਭਾਗ ਦੀ ਇਸ ਫੋਕੀ ਵਾਹ-ਵਾਹੀ ਵਿਚ ਵਿਦਿਆਰਥੀ ਗਾਇਬ ਹਨ। ਸਕੂਲ ਨੂੰ ਡਿਜੀਟਲ ਰੂਪ ਦੇਣ ਵਾਲੇ ਕੰਪਿਊਟਰ ਅਧਿਆਪਕ ਰੈਗੂਲਰ ਕਰਨ ਦੀ ਮੰਗ ਕਰ ਰਹੇ ਹਨ ਪਰ ਉਨ੍ਹਾਂ ਦੀ ਕੋਈ ਸੁਣਵਾਈ ਨਹੀਂ ਹੋ ਰਹੀ।