ਖੇਤਰੀ ਪ੍ਰਤੀਨਿਧ
ਲੁਧਿਆਣਾ, 31 ਜਨਵਰੀ
ਕਾਂਗਰਸੀ ਮੈਂਬਰ ਤੇ ਸਾਬਕਾ ਕੌਂਸਲਰ ਦਲਜੀਤ ਸਿੰਘ ਗਰੇਵਾਲ (ਭੋਲਾ) ਵੱਲੋਂ ਪੁਲ ਹੇਠਾਂ ਤੋਂ ਰਾਹ ਛੁਡਵਾਉਣ ਲਈ 2011 ਤੋਂ ਹੁਣ ਤੱਕ ਕੀਤੀਆਂ ਕੋਸ਼ਿਸ਼ਾਂ ਦਾ ਗੁਣਗਾਣ ਕਰਨ ਲਈ ਪੱਤਰਕਾਰ ਮਿਲਣੀ ਬੁਲਾਈ ਗਈ।
ਸ੍ਰੀ ਗਰੇਵਾਲ ਨੇ ਦੱਸਿਆ ਕਿ ਜੀਟੀ ਰੋਡ ’ਤੇ ਫਲਾਈਓਵਰ ਬਣਾਉਣ ਕਰਕੇ ਤਾਜਪੁਰ ਅਤੇ ਟਿੱਬਾ ਰੋਡ ਦੇ ਲੋਕਾਂ ਦਾ ਸ਼ਹਿਰ ਨਾਲੋਂ ਸੰਪਰਕ ਪੂਰੀ ਤਰ੍ਹਾਂ ਟੁੱਟ ਗਿਆ ਹੈ। ਇਸ ਪਾਸੇ ਰਹਿੰਦੇ ਲੱਖਾਂ ਲੋਕਾਂ ਨੂੰ ਸਵੇਰੇ-ਸ਼ਾਮ ਆਪਣੇ ਕੰਮਾਂ ’ਤੇ ਜਾਣ ਲਈ ਸਮਰਾਲਾ ਚੌਕ ਜਾਂ ਜੋਧੇਵਾਲ ਬਸਤੀ ਪਾਸਿਓਂ ਹੋ ਕੇ ਲੰਘਣਾ ਪੈਂਦਾ ਹੈ। ਲੋਕਾਂ ਦੀ ਇਸ ਮੁਸ਼ਕਲ ਨੂੰ ਹੱਲ ਕਰਵਾਉਣ ਲਈ ਉਹ ਪਿਛਲੇ ਕਰੀਬ 10 ਸਾਲਾਂ ਤੋਂ ਨਗਰ ਨਿਗਮ ਮੇਅਰ, ਕਮਿਸ਼ਨਰ, ਐਮਪੀ, ਉਪ ਮੁੱਖ ਮੰਤਰੀ, ਕੇਂਦਰੀ ਮੰਤਰੀ ਅਤੇ ਨੈਸ਼ਨਲ ਹਾਈਵੇਅ ਅਥਾਰਟੀ ਆਫ ਇੰਡੀਆ (ਐਨਐਚਏਆਈ) ਦੇ ਚੀਫ ਜਨਰਲ ਮੈਨੇਜਰ ਨੂੰ ਮਿਲ ਚੁੱਕੇ ਹਨ। ਉਨ੍ਹਾਂ ਸੰਤੁਸ਼ਟੀ ਪ੍ਰਗਟਾਈ ਕਿ ਹੁਣ ਐੱਨਐੱਚਏਆਈ ਨੇ ਪੁਲ ਹੇਠੋਂ ਰਾਹ ਛੱਡ ਦਿੱਤਾ ਹੈ। ਉਨ੍ਹਾਂ ਦੱਸਿਆ ਕਿ ਇਸ ’ਤੇ 35 ਕਰੋੜ ਦੀ ਲਾਗਤ ਆਵੇਗੀ ਜਦਕਿ ਕੰਮ ਡੇਢ ਸਾਲ ਵਿੱਚ ਪੂਰਾ ਹੋ ਜਾਵੇਗਾ।