ਪਰਸ਼ੋਤਮ ਬੱਲੀ
ਬਰਨਾਲਾ, 3 ਅਗਸਤ
ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਇਥੇ ਰੇਲਵੇ ਸਟੇਸ਼ਨ ’ਤੇ ਲੱਗਾ ਧਰਨਾ ਅੱਜ 307ਵੇਂ ਦਿਨ ਵੀ ਪੂਰੇ ਜੋਸ਼ ਨਾਲ ਜਾਰੀ ਰਿਹਾ। ਅੱਜ ਬੁਲਾਰਿਆਂ ਨੇ ਹਰਿਆਣਾ ‘ਚ ਭਾਜਪਾ ਵੱਲੋਂ ਉਲੀਕੇ ‘ਤਿਰੰਗਾ ਯਾਤਰਾ’ ਪ੍ਰੋਗਰਾਮ ਨੂੰ ਪਾਖੰਡ ਕਰਾਰ ਦਿੱਤਾ। ਆਗੂਆਂ ਨੇ ਕਿਹਾ ਕਿ ਕਿਸਾਨ ਸੱਚੇ ਦਿਲੋਂ ਤਿਰੰਗੇ ਦਾ ਸਨਮਾਨ ਕਰਦੇ ਹਨ ਪਰ ਭਾਜਪਾ ਸਿਧਾਂਤਕ ਮਾਰਗਦਰਸ਼ਕ ਸੰਸਥਾ ਆਰਐੱਸਐੱਸ ਨੇ ਲਗਾਤਾਰ 52 ਸਾਲ ਤੱਕ ਆਪਣੇ ਨਾਗਪੁਰ ਹੈਡਕੁਆਰਟਰ ‘ਤੇ ਤਿਰੰਗਾ ਨਹੀਂ ਸੀ ਲਹਿਰਾਇਆ। ਸੰਨ 1947 ‘ਚ ਤਿਰੰਗੇ ਦੀ ਤਜ਼ਵੀਜ਼ ਦਾ ਡੱਟ ਕੇ ਵਿਰੋਧ ਵੀ ਕੀਤਾ ਸੀ। ਹੁਣ ਭਾਜਪਾ ਤਿਰੰਗਾ ਯਾਤਰਾ ਵਾਲੀ ਕੋਝੀ ਚਾਲ ਚੱਲੀ ਹੈ। ਕਿਸਾਨ ਉਨ੍ਹਾਂ ਦੀਆਂ ਇਸ ਚਾਲ ਵਿੱਚ ਨਹੀਂ ਫਸਣਗੇ ਅਤੇ ਤਿਰੰਗਾ ਯਾਤਰਾ ਦਾ ਵਿਰੋਧ ਨਹੀਂ ਕਰਨਗੇ। ਧਰਨੇ ਨੂੰ ਬਲਵੰਤ ਸਿੰਘ ਉਪਲੀ, ਨਛੱਤਰ ਸਿੰਘ ਸਹੌਰ, ਉਜਾਗਰ ਸਿੰਘ ਬੀਹਲਾ, ਬਾਬੂ ਸਿੰਘ ਖੁੱਡੀ ਕਲਾਂ, ਚਰਨਜੀਤ ਕੌਰ, ਪ੍ਰੇਮਪਾਲ ਕੌਰ, ਨੇਕਦਰਸ਼ਨ ਸਿੰਘ, ਮਨਜੀਤ ਕੌਰ ਖੁੱਡੀ ਕਲਾਂ, ਗੁਰਜੰਟ ਸਿੰਘ ਟੀਐੱਸਯੂ, ਮੇਲਾ ਸਿੰਘ ਕੱਟੂ, ਬਲਜੀਤ ਸਿੰਘ ਚੌਹਾਨਕੇ, ਦਵਿੰਦਰ ਸਿੰਘ ਬਰਨਾਲਾ ਨੇ ਸੰਬੋਧਨ ਕੀਤਾ। ਮੋਰਚੇ ਦੇ ਕਨਵੀਨਰ ਬਲਵੰਤ ਸਿੰਘ ਉਪਲੀ ਨੇ ਦੱਸਿਆ ਕਿ 9 ਅਗਸਤ ਨੂੰ ਬਰਨਾਲਾ, ਲੁਧਿਆਣਾ ਤੇ ਸੰਗਰੂਰ ਜ਼ਿਲ੍ਹਿਆਂ ‘ਚੋਂ ਔਰਤਾਂ ਦੇ ਵੱਡੇ ਜਥੇ ਦਿੱਲੀ ਧਰਨਿਆਂ ‘ਚ ਸ਼ਮੂਲੀਅਤ ਲਈ ਰਵਾਨਾ ਹੋਣਗੇ। ਅੱਜ ਰਾਜਵਿੰਦਰ ਸਿੰਘ ਮੱਲੀ ਦੇ ਜਥੇ ਨੇ ਆਪਣੇ ਬੀਰ ਰਸੀ ਕਵੀਸ਼ਰੀ ਰਾਹੀਂ ਨਾਲ ਪੰਡਾਲ ‘ਚ ਜੋਸ਼ ਭਰਿਆ। ਨਰਿੰਦਰਪਾਲ ਸਿੰਗਲਾ ਨੇ ਕਵਿਤਾ ਸੁਣਾਈ।