ਨਵੀਂ ਦਿੱਲੀ, 1 ਮਾਰਚ
ਐਨਫੋਰਸਮੈਂਟ ਡਾਇਰੈਕਟੋਰੇਟ ਨੇ ਹਵਾਲਾ ਡੀਲਰ ਨਰੇਸ਼ ਜੈਨ (62) ਖ਼ਿਲਾਫ਼ ਕਾਲੇ ਧਨ ਨੂੰ ਸਫ਼ੈਦ ਬਣਾਉਣ ਦੇ ਸਬੰਧ ’ਚ ਉਸ ਦੀ 65 ਕਰੋੜ ਰੁਪਏ ਤੋਂ ਵੱਧ ਦੀ ਸੰਪਤੀ ਜ਼ਬਤ ਕਰ ਲਈ ਹੈ। ਇਹ ਕੇਸ 560 ਕਰੋੜ ਰੁਪਏ ਦੇ ਗ਼ੈਰਕਾਨੂੰਨੀ ਲੈਣ-ਦੇਣ ਨਾਲ ਜੁੜਿਆ ਹੋਇਆ ਹੈ। ਜ਼ਬਤ ਕੀਤੀ ਗਈ ਸੰਪਤੀ ’ਚ ਜੈਨ ਦੀਆਂ ਰਿਹਾਇਸ਼ੀ ਇਮਾਰਤਾਂ, ਦਿੱਲੀ, ਰਾਜਸਥਾਨ ਅਤੇ ਮੱਧ ਪ੍ਰਦੇਸ਼ ’ਚ ਜ਼ਮੀਨਾਂ ਆਦਿ ਸ਼ਾਮਲ ਹਨ।
ਉਸ ਨੂੰ ਪਿਛਲੇ ਸਾਲ ਸਤੰਬਰ ’ਚ ਕਾਲੇ ਧਨ ਨੂੰ ਸਫ਼ੈਦ ਬਣਾਉਣ ਤੋਂ ਰੋਕਣ ਸਬੰਧੀ ਐਕਟ ਤਹਿਤ ਗ੍ਰਿਫ਼ਤਾਰ ਕੀਤਾ ਗਿਆ ਸੀ। ਕੇਂਦਰੀ ਜਾਂਚ ਏਜੰਸੀ ਨੂੰ ਪੜਤਾਲ ਦੌਰਾਨ ਪਤਾ ਲੱਗਾ ਕਿ ਨਰੇਸ਼ ਜੈਨ, ਬਿਮਲ ਕੁਮਾਰ ਜੈਨ ਅਤੇ ਉਸ ਦੇ ਮੁਲਾਜ਼ਮਾਂ ਨੇ ਠੱਗੀ ਅਤੇ ਧੋਖਾਧੜੀ ਦੀ ਸਾਜ਼ਿਸ਼ ਘੜੀ ਸੀ। ਉਨ੍ਹਾਂ ’ਤੇ ਦੋਸ਼ ਹੈ ਕਿ ਦੇਸ਼ ਅਤੇ ਵਿਦੇਸ਼ ’ਚ ਫਰਜ਼ੀ ਕੰਪਨੀਆਂ ਦੇ ਨਾਮ ’ਤੇ ਫੰਡ ਇਕੱਠੇ ਕਰਕੇ ਬੈਂਕਾਂ ਅਤੇ ਲੋਕਾਂ ਨਾਲ ਠੱਗੀ ਕੀਤੀ ਗਈ। -ਪੀਟੀਆਈ