ਗਾਜ਼ੀਆਬਾਦ, 4 ਜੁਲਾਈ
ਆਰਐੱਸਐੱਸ ਮੁਖੀ ਮੋਹਨ ਭਾਗਵਤ ਨੇ ਅੱਜ ਕਿਹਾ ਕਿ ਸਾਰੇ ਭਾਰਤੀਆਂ ਦਾ ‘ਡੀਐਨਏ’ ਇਕੋ ਹੈ ਤੇ ਮੁਸਲਮਾਨਾਂ ਨੂੰ ‘ਇਸ ਭੈਅ ਦੇ ਚੱਕਰ ਵਿਚ ਨਹੀਂ ਘਿਰਨਾ ਚਾਹੀਦਾ’ ਕਿ ਭਾਰਤ ਵਿਚ ਇਸਲਾਮ ਨੂੰ ਖ਼ਤਰਾ ਹੈ। ਮੁਸਲਿਮ ਰਾਸ਼ਟਰੀ ਮੰਚ ਦੇ ਇਕ ਸਮਾਗਮ ਨੂੰ ਸੰਬੋਧਨ ਕਰਦਿਆਂ ਸੰਘ ਮੁਖੀ ਨੇ ਕਿਹਾ ਕਿ ਲੋਕਾਂ ਨੂੰ ਇਸ ਅਧਾਰ ਉਤੇ ਵੱਖ-ਵੱਖ ਕਰਕੇ ਨਹੀਂ ਦੇਖਿਆ ਜਾ ਸਕਦਾ ਕਿ ਉਹ ਪ੍ਰਮਾਤਮਾ ਨੂੰ ਕਿਵੇਂ ਪੂਜਦੇ ਹਨ। ਹਜੂਮੀ ਹੱਤਿਆਵਾਂ ਦੇ ਮਾਮਲਿਆਂ ਵਿਚ ਸ਼ਾਮਲ ਵਿਅਕਤੀਆਂ ’ਤੇ ਨਿਸ਼ਾਨਾ ਸੇਧਦਿਆਂ ਭਾਗਵਤ ਨੇ ਕਿਹਾ ‘ਅਜਿਹੇ ਵਿਅਕਤੀ ਹਿੰਦੂਤਵ ਦੇ ਖ਼ਿਲਾਫ਼ ਹਨ।’ ਉਨ੍ਹਾਂ ਨਾਲ ਹੀ ਕਿਹਾ ਕਿ ਕਈ ਵਾਰ ਹਜੂਮੀ ਹੱਤਿਆਵਾਂ ਦੇ ਕੇਸ ਵਿਚ ਲੋਕਾਂ ਨੂੰ ਝੂਠਾ ਵੀ ਫਸਾ ਦਿੱਤਾ ਜਾਂਦਾ ਹੈ। ਭਾਗਵਤ ਨੇ ਕਿਹਾ ਕਿ ਮੁਲਕ ਵਿਚ ਏਕੇ ਤੋਂ ਬਿਨਾਂ ਵਿਕਾਸ ਸੰਭਵ ਨਹੀਂ ਹੈ। ਉਨ੍ਹਾਂ ਕਿਹਾ ਕਿ ਏਕੇ ਦੇ ਆਧਾਰ ਰਾਸ਼ਟਰਵਾਦ ਤੇ ਪੁਰਖਿਆਂ ਦੀ ਸ਼ਾਨਦਾਰ ਵਿਰਾਸਤ ਹੋਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਹਿੰਦੂ-ਮੁਸਲਿਮ ਵਿਵਾਦ ਦਾ ਇਕੋ-ਇਕ ਹੱਲ ਸੰਵਾਦ ਹੈ, ਅਸਹਿਮਤੀ ਨਹੀਂ। ਮੋਹਨ ਭਾਗਵਤ ਨੇ ਕਿਹਾ ਕਿ ਅਸੀਂ ਲੋਕਤੰਤਰ ਵਿਚ ਹਾਂ। ਹਿੰਦੂ ਜਾਂ ਮੁਸਲਮਾਨ ਕੋਈ ਵੀ ਉੱਚਾ ਨਹੀਂ ਹੋ ਸਕਦਾ। ਸਿਰਫ਼ ਭਾਰਤੀ ਉੱਚੇ ਹੋ ਸਕਦੇ ਹਨ। -ਪੀਟੀਆਈ