ਜੈਪੁਰ, 1 ਮਾਰਚ
ਰਾਜਸਥਾਨ ਵਿਧਾਨ ਸਭਾ ਦੇ ਪ੍ਰਧਾਨ ਸੀਪੀ ਜੋਸ਼ੀ ਵੱਲੋਂ ਅੱਜ ਵਿਧਾਇਕ ਵਾਸੂਦੇਵ ਦੇਵਨਾਨੀ ਨੂੰ ਦਿਨ ਭਰ ਦੀ ਕਾਰਵਾਈ ਲਈ ਬਾਹਰ ਕਰਨ ਦਾ ਮਤਾ ਪਾਸ ਕੀਤੇ ਜਾਣ ਮਗਰੋਂ ਵਿਰੋਧੀ ਧਿਰ ਭਾਜਪਾ ਦੇ ਵਿਧਾਇਕਾਂ ਨੇ ਸਦਨ ’ਚੋਂ ਵਾਕਆਊਟ ਕਰ ਦਿੱਤਾ। ਸਿਫਰ ਕਾਲ ਦੀ ਸ਼ੁਰੂਆਤ ਹੁੰਦਿਆਂ ਹੀ ਦੇਵਨਾਨੀ ਨੇ ਇੱਕ ਮੁੱਦਾ ਚੁੱਕਣ ਦੀ ਕੋਸ਼ਿਸ਼ ਕੀਤੀ। ਸਦਨ ਦੇ ਪ੍ਰਧਾਨ ਨੇ ਇਸ ਦੀ ਇਜਾਜ਼ਤ ਨਹੀਂ ਦਿੱਤੀ ਪਰ ਦੇਵਨਾਨੀ ਨੇ ਆਪਣੀ ਗੱਲ ਜਾਰੀ ਰੱਖੀ। ਇਸ ’ਤੇ ਪ੍ਰਧਾਨ ਜੋਸ਼ੀ ਨੇ ਸੰਸਦੀ ਮਾਮਲਿਆਂ ਬਾਰੇ ਮੰਤਰੀ ਸ਼ਾਂਤੀ ਧਾਰੀਵਾਲ ਨੂੰ ਦੇਵਨਾਨੀ ਨੂੰ ਦਿਨ ਭਰ ਲਈ ਕਾਰਵਾਈ ਤੋਂ ਬਾਹਰ ਕਰਨ ਦਾ ਮਤਾ ਲਿਆਉਣ ਨੂੰ ਕਿਹਾ। ਇਸ ਮਤੇ ਨੂੰ ਜ਼ੁਬਾਨੀ ਵੋਟ ਨਾਲ ਪਾਸ ਕਰ ਦਿੱਤਾ ਗਿਆ। ਇਸ ’ਤੇ ਭਾਜਪਾ ਨੇ ਸਦਨ ’ਚੋਂ ਵਾਕਆਊਟ ਕਰ ਦਿੱਤਾ। ਦੇਵਨਾਨੀ ਜੈਪੁਰ ’ਚ ਇੱਕ ਧਰਨੇ ਦੌਰਾਨ ਅਖਿਲ ਭਾਰਤੀ ਵਿਦਿਆਰਥੀ ਪ੍ਰੀਸ਼ਦ (ਏਬੀਵੀਪੀ) ਦੇ ਕਾਰਕੁਨਾਂ ਦੀ ਕਥਿਤ ਤੌਰ ’ਤੇ ਕੁੱਟਮਾਰ ਨਾਲ ਸਬੰਧਤ ਮੁੱਦਾ ਚੁੱਕਣ ਦੀ ਕੋਸ਼ਿਸ਼ ਕਰ ਰਹੇ ਸਨ। ਪ੍ਰਧਾਨ ਨੇ ਸਦਨ ਦੀਆਂ ਰਵਾਇਤਾਂ ਦਾ ਹਵਾਲਾ ਦਿੰਦਿਆਂ ਇਸ ਦੀ ਇਜਾਜ਼ਤ ਨਹੀਂ ਦਿੱਤੀ। ਸਦਨ ’ਚ ਇਸ ਸਮੇਂ ਵਿੱਤੀ ਵਰ੍ਹੇ 2021-22 ਦੇ ਬਜਟ ਦੇ ਮਤੇ ’ਤੇ ਚਰਚਾ ਚੱਲ ਰਹੀ ਹੈ। -ਪੀਟੀਆਈ