ਹਰਪ੍ਰੀਤ ਕੌਰ ਘੜੂੰਆਂ
ਉਦੋਂ ਸਾਡੇ ਘਰ ਨਵਾਂ ਨਵਾਂ ਟੈਲੀਫੋਨ ਲੱਗਿਆ ਸੀ। ਪਿੰਡ ’ਚ ਟਾਵੇਂ ਘਰਾਂ ਵਿਚ ਹੀ ਟੈਲੀਫੋਨ ਹੁੰਦਾ ਸੀ। ਮੁਹੱਲੇ ’ਚ ਇੱਕ ਸਾਡੇ ਘਰ, ਦੂਜਾ ਸਰਪੰਚਾਂ ਦੇ। ਇਨ੍ਹਾਂ ਫੋਨਾਂ ਦਾ ਜਿੱਥੇ ਮੁਹੱਲੇ ਵਾਲਿਆਂ ਨੂੰ ਚਾਅ ਹੁੰਦਾ ਸੀ, ਡਰ ਵੀ ਸੀ। ਜਦੋਂ ਹਨੇਰੀ ਚੱਲਣ ਨਾਲ ਫੋਨ ਦੀਆਂ ਤਾਰਾਂ ਟੁੱਟ ਜਾਂਦੀਆਂ ਤਾਂ ਕਈ ਕਈ ਦਿਨ ਫੋਨ ਖਰਾਬ ਰਹਿੰਦਾ ਸੀ। ਫਿਰ ਜਿਸ ਨੂੰ ਵੀ ਜਿੱਥੇ ਕਿਤੇ ਨਿਰੰਜਣ (ਫੋਨ ਅਪਰੇਟਰ) ਨੇ ਮਿਲ ਜਾਣਾ, ਉਸ ਨੇ ਉੱਥੇ ਹੀ ਕਹਿ ਦੇਣਾ, “ਫਲਾਣੇ ਦਾ ਫੂਨ ਖਰਾਬ ਹੈ ਬਾਈ ਦੇਖ ਆਈਂ। ਫੂਨ ਬਿਨਾਂ ਸਾਨੂੰ ਨ੍ਹੇਰ ਪੈ ਜਾਂਦਾ।” ਲੋਕ ਫੋਨ ਦੇ ਚਾਅ ਵਿਚ ਨਿਰੰਜਣ ਦੀ ਖ਼ੂਬ ਖ਼ਾਤਿਰਦਾਰੀ ਕਰਦੇ ਸਨ। ਆਂਢ-ਗੁਆਂਢ ਦੇ ਰਿਸ਼ਤੇਦਾਰਾਂ ਨੇ ਅਕਸਰ ਫੋਨ ’ਤੇ ਸੁਨੇਹੇ ਦੇਣੇ, ਕਿਸੇ ਨੇ ਫੋਨ ਹੋਲਡ ਰਖਾਉਣਾ, ਕਈਆਂ ਨੇ ਸਮਾਂ ਦੇਣਾ। ਇਹ ਸਿਲਸਿਲਾ ਚੱਲਦਾ ਰਹਿੰਦਾ ਸੀ।
ਸਾਡੇ ਘਰ ਦੀ ਥੋੜ੍ਹੀ ਜਿਹੀ ਵਿੱਥ ’ਤੇ ਗੁਸਾਈਆਂ ਦਾ ਘਰ ਸੀ। ਉਨ੍ਹਾਂ ਦੀ ਵੱਡੀ ਕੁੜੀ ਦਾ ਫੋਨ ਆਉਣਾ, “ਬੇਬੇ ਨੂੰ ਸੁਨੇਹਾ ਦੇ ਦਿਓ, ਫੌਜੀ ਛੁੱਟੀ ਆਇਆ ਹੋਇਆ, ਉਹਨੇ ਲੋਹੜੀ ਤੋਂ ਦੂਜੇ ਦਿਨ ਚਲਿਆ ਜਾਣਾ। ਪਿੰਨੀਆਂ ਪੀਪੇ ਮਾਂ ਪਾ ਕੇ ਬੜੇ ਬਾਈ ਹੱਥ ਭੇਜ ਦੇਵੇ, ਗੈਲੇ ਬਾਈ ਫੌਜੀ ਨੂੰ ਮਿਲ ਜੂਗਾ। ਉਹ ਮੈਨੂੰ ਕਹਿੰਦਾ ਰਹਿੰਦਾ, ਤੇਰੇ ਪੇਕਿਆਂ ਤੋਂ ਮੈਨੂੰ ਕੋਈ ਮਿਲਣ ਨਹੀਂ ਆਉਂਦਾ।” ਉਦੋਂ ਸੁਨੇਹੇ ਦੇਣੇ ਵੀ ਬੜੇ ਸੁਖਾਲੇ ਹੁੰਦੇ ਸਨ, ਘਰਾਂ ਦੀਆਂ ਛੱਤਾਂ ਦੇ ਬਨੇਰੇ ਨਾਲ ਨਾਲ ਜੁੜੇ ਹੁੰਦੇ ਸਨ। ਇੱਕ ਕੋਠੇ ਉੱਤੇ ਚੜ੍ਹ ਕੇ ਪੰਦਰਾਂ-ਵੀਹ ਘਰਾਂ ਵਿਚ ਜਾ ਹੋ ਜਾਂਦਾ ਸੀ।
ਇਸੇ ਤਰ੍ਹਾਂ ਤਰਸੇਮ ਦਾ ਟੈਲੀਫੋਨ ਕਲਕੱਤੇ ਤੋਂ ਆਉਂਦਾ। ਉਸ ਦੀ ਬੇਬੇ ਹਮੇਸ਼ਾ ਫੋਨ ਸੁਣ ਕੇ ਕਹਿੰਦੀ, “ਪੁੱਤ ਇਉਂ ਲਗੈ ਸੇਮਾ ਮੇਰੇ ਕੋਲ ਬੈਠਾ ਬਾਤਾਂ ਕਰੈ, ਨਹੀਂ ਤਾਂ ਦੀਵਾਲੀ ਤੱਕ ਅੱਖਾਂ ਪੱਕ ਜਾਂਦੀਆਂ ਤੀਆਂ ਉਡੀਕਦਿਆਂ।”
ਇੱਕ ਫੋਨ ਦੁਪਹਿਰ ਵੇਲੇ ਆਇਆ ਜਿਹੜਾ ਹਰ ਵਰ੍ਹੇ ਕਣਕ ਦੀ ਵਾਢੀ ਦੇ ਦਿਨਾਂ ਵਿਚ ਆਪਣੀ ਯਾਦ ਛੱਡ ਗਿਆ: “ਮੈਂ ਟੋਭੇ ਵਾਲੇ ਜੀਤ ਦੇ ਮੁੰਡੇ ਦੇ ਸਹੁਰਿਆਂ ਤੋਂ ਬੋਲਦਾਂ, ਅੱਧੇ ਘੰਟੇ ਤੱਕ ਉਨ੍ਹਾਂ ਦੇ ਘਰੋਂ ਬੁਲਾ ਦਿਓ ਜੀ।” ਮੈਂ ਉਨ੍ਹਾਂ ਦੇ ਘਰ ਸੁਨੇਹਾ ਦੇਣ ਗਈ ਤੇ ਸਬਾਤ ਵਿਚ ਬੈਠੇ ਤਾਏ ਨੂੰ ਫੋਨ ਬਾਰੇ ਦੱਸਿਆ। ਉਹਨੇ ਤਾਈ ਨੂੰ ਰੁੱਕਾ ਮਾਰ ਕੇ ਕਿਹਾ, “ਅਮਰੋ ਬਹੂ ਨੂੰ ਗੈਲੇ ਲੈ ਕੇ ਫੂਨ ਸੁਣ ਕੇ ਆ।” ਮੈਂ ਤੇ ਤਾਈ ਅੱਗੇ, ਬਹੂ ਪਿੱਛੇ ਘੁੰਡ ਕੱਢੀ ਆ ਰਹੀ ਸੀ। ਜਦੋਂ ਅਸੀਂ ਦਰਵਾਜ਼ੇ ਬੈਠੀ ਸੱਥ ਕੋਲੋਂ ਲੰਘੇ, ਉਨ੍ਹਾਂ ਕਿਹਾ, “ਅਮਰੋ ਮੁੜਕੋ ਮੁੜਕੀ ਹੋਈ ਆਈ ਆ, ਖਾਸ ਬਾਤ ਲਗੈ।”
ਬਹੂ ਨੇ ਫੋਨ ਚੁੱਕਿਆ, ਫਤਿਹ ਬੁਲਾਉਣ ਪਿੱਛੋਂ ਭਰਾ ਨੇ ਕਿਹਾ, “ਭੈਣੇ ਕਣਕ ਦੀ ਵਢਾਈ ਕਿੰਨੀ ਕੁ ਰਹਿ ਗਈ?” ਭੈਣ ਕਹਿਣ ਲੱਗੀ, “ਟਿੱਬੀ ਆਲੇ ਖੇਤ ਦੀ ਕਣਕ ਤਾਂ ਵਿਚੀ ਪਈ ਐ, ਠੇਕੇ ਵਾਲੇ ਵੀ ਵੱਢਣ ਨੂੰ ਨੱਕ-ਬੁੱਲ੍ਹ ਮਾਰਦੇ ਨੇ।”
“ਸਾਡੀ ਤਾਂ ਸਾਰੀ ਕਣਕ ਵੱਢੀ ਗਈ।”
“ਵੀਰੇ ਦੋ ਤਾਂ ਆਪਣੇ ਸੀਰੀ ਹੈਗੇ, ਦਸ ਬਾਰਾਂ ਬੰਦਿਆਂ ਦੀ ਹੋਰ ਆਵਤ ਲੈ ਆਈਂ, ਸਾਡਾ ਕੰਮ ਵੀ ਛੇਤੀ ਨਬਿੜ ਜੂਗਾ।”
“ਚੰਗਾ ਭੈਣੇ। ਐਤਵਾਰ ਨੂੰ ਮੈਂ ਆਵਤ ਵੀ ਲੈ ਆਊਂਗਾ ਤੇ ਆਪਣਾ ਥਰੈਸ਼ਰ ਵੀ। ਦੁਪਹਿਰ ਦੀ ਰੋਟੀ ਵਿਚ ਖੀਰ ਕੜਾਹ ਰੱਜਵਾਂ ਬਣਾ ਲਿਓ, ਰਾਤ ਦੀ ਰੋਟੀ ਵਿਚ ਸ਼ੱਕਰ ਘੀ ਦੀ ਕਸਰ ਨਾ ਛੱਡੀਂ।”
“ਵੀਰੇ ਰਾਣੋ ਨੂੰ ਨਾਲ ਜ਼ਰੂਰ ਲਿਆਇਓ।”
ਇਹ ਸੁਣ ਕੇ ਉਹ ਹੱਕਾ-ਬੱਕਾ ਰਹਿ ਗਿਆ, “ਰਾਣੋ?”
ਫੋਨ ਅਸਲ ਵਿਚ ਸਹੀ ਨਹੀਂ ਸੀ ਲੱਗਿਆ।
“ਵੀਰੇ ਮੇਰੇ ਕੋਲੋਂ ਵੀ ਤੇਰਾ ਬੋਲ ਨੀ ਪਛਾਣ ਹੋਇਆ। ਇਨ੍ਹਾਂ ਦੇ ਫੋਨ ਵਿਚੋਂ ਕੜ ਕੜ ਦੀ ਆਵਾਜ਼ ਆਉਂਦੀ ਰਹਿੰਦੀ ਐ, ਨਹੀਂ ਤਾਂ ਬੰਦਾ ਆਵਾਜ਼ ਤੋਂ ਪਛਾਣਿਆ ਜਾਂਦਾ।”
ਅੱਜ ਵਾਂਗ ਗਲਤ ਨੰਬਰ ਲੱਗਣ ’ਤੇ ਉਹ ਇਕ-ਦੂਜੇ ਦੇ ਗਲ ਨਹੀਂ ਪਏ ਸਗੋਂ ਵੀਰ ਭੈਣ ਕਹਿ ਕੇ ਫੋਨ ਰੱਖ ਦਿੱਤਾ। ਕਮਰੇ ਤੋਂ ਬਾਹਰ ਆ ਕੇ ਉਹਨੇ ਸਾਰੀ ਗੱਲਬਾਤ ਦੱਸੀ। ਤਾਈ ਨੇ ਕਿਹਾ, “ਬਹੂ ਪਹਿਲਾਂ ਉਸ ਕਾ ਥਹੁ-ਪਤਾ ਪੁੱਛਣਾ ਤਾ, ਫਿਰ ਬਾਤ ਕਰਨੀ ਤੀ।” ਸਾਰਾ ਦਿਨ ਹਾਸਾ-ਠੱਠਾ ਹੁੰਦਾ ਰਿਹਾ।
ਉਨ੍ਹਾਂ ਵੇਲਿਆਂ ਵਿਚ ਲੋਕ ਭੋਲੇ-ਭਾਲੇ ਸਨ। ਛੋਟੀ ਜਿਹੀ ਗੱਲ ਦਾ ਬੁਰਾ ਨਹੀਂ ਸਨ ਮਨਾਉਂਦੇ। ਲੋਕ ਸਾਦਗੀ ਭਰਪੂਰ ਜੀਵਨ ਜਿਊਂਦੇ ਸਨ। ਟੈਲੀਫੋਨ ਅਪਣੱਤ ਅਤੇ ਮੋਹ ਦੀ ਤੰਦ ਨੂੰ ਲੋਗੜੀ ਦੇ ਧਾਗੇ ਵਰਗੀ ਪੱਕੀ ਕਰਦਾ ਸੀ ਜਿਹੜੀ ਅੱਜ ਮੋਬਾਈਲ ਫੋਨ ਆਉਣ ਨਾਲ ਮੌਲੀ ਦੇ ਧਾਗੇ ਵਾਂਗ ਕੱਚੀ ਤੰਦ ਹੋ ਕੇ ਰਹਿ ਗਈ ਹੈ।
ਸੰਪਰਕ: 99147-14000