ਪੱਤਰ ਪ੍ਰੇਰਕ
ਸ਼ਾਹਕੋਟ, 15 ਅਕਤੂਬਰ
ਮੋਟਰਸਾਈਕਲ ਤੇ ਸਕੂਟਰੀ ਦੀ ਟੱਕਰ ’ਚ ਵਿਦਿਆਰਥੀ ਅਤੇ ਬਜ਼ੁਰਗ ਦੀ ਮੌਤ ਹੋ ਗਈ। ਪ੍ਰਾਪਤ ਜਾਣਕਾਰੀ ਮੁਤਾਬਕ ਹਰਦੇਵ ਸਿੰਘ (58) ਵਾਸੀ ਨਿਮਾਜੀਪੁਰ ਸਕੂਟਰੀ ’ਤੇ ਆਪਣੇ ਪਿੰਡ ਨੂੰ ਜਾ ਰਿਹਾ ਸੀ। ਇਸੇ ਦੌਰਾਨ ਗੁਰਜੋਤ ਸਿੰਘ (15) ਵਾਸੀ ਹੇਰਾਂ ਮੋਟਰਸਾਈਕਲ ’ਤੇ ਮਲਸੀਆਂ ਤੋਂ ਟਿਊਸ਼ਨ ਪੜ੍ਹ ਕੇ ਆਪਣੇ ਪਿੰਡ ਨੂੰ ਜਾ ਰਿਹਾ ਸੀ। ਉਹ ਦੋਵੇਂ ਪਿੰਡ ਮੀਰਪੁਰ ਸੈਦਾ ਕੋਲ ਪਹੁੰਚੇ ਤਾਂ ਖੇਤਾਂ ਵਿਚ ਪਰਾਲੀ ਨੂੰ ਲਾਈ ਅੱਗ ਕਾਰਨ ਧੂੰਆਂ ਹੋਣ ਕਰ ਕੇ ਆਹਮੋ-ਸਾਹਮਣੀ ਟੱਕਰ ਹੋ ਗਈ। ਟੱਕਰ ਕਾਰਨ ਹੋਏ ਜ਼ਖ਼ਮੀਆਂ ਨੂੰ ਜਿਉਂ ਹੀ ਇਲਾਜ ਲਈ ਸ਼ਾਹਕੋਟ ਦੇ ਹਸਪਤਾਲ ਲਿਆਂਦਾ ਗਿਆ ਤਾਂ ਡਾਕਟਰਾਂ ਨੇ ਉਨ੍ਹਾਂ ਨੂੰ ਮ੍ਰਿਤਕ ਐਲਾਨ ਦਿੱਤਾ।
ਐੱਸਐੱਚਓ ਸ਼ਾਹਕੋਟ ਗੁਰਿੰਦਰਜੀਤ ਸਿੰਘ ਨਾਗਰਾ ਨੇ ਦੱਸਿਆ ਕਿ ਲਾਸ਼ਾਂ ਅਤੇ ਵਾਹਨਾਂ ਨੂੰ ਕਬਜ਼ੇ ਵਿਚ ਲੈ ਲਿਆ ਗਿਆ ਹੈ। ਲਾਸ਼ਾਂ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਨਕੋਦਰ ਭੇਜ ਦਿੱਤਾ ਗਿਆ ਹੈ। ਘਟਨਾ ਦੀ ਜਾਂਚ ਕੀਤੀ ਜਾ ਰਹੀ ਹੈ। ਜਾਂਚ ਮਗਰੋਂ ਜ਼ਿੰਮੇਵਾਰਾਂ ਖ਼ਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।
ਸੜਕ ਹਾਦਸੇ ’ਚ ਇੱਕ ਭਰਾ ਹਲਾਕ ਅਤੇ ਦੂਜਾ ਜ਼ਖ਼ਮੀ
ਤਲਵਾੜਾ (ਪੱਤਰ ਪ੍ਰੇਰਕ): ਸਥਾਨਕ ਰਾਕ ਗਾਰਡਨ ਨਜ਼ਦੀਕ ਵਾਪਰੇ ਸੜਕ ਹਾਦਸੇ ’ਚ ਮੋਟਰਸਾਈਕਲ ਸਵਾਰ ਇੱਕ ਭਰਾ ਦੀ ਮੌਤ ਹੋ ਗਈ ਜਦੋਂਕਿ ਦੂਜਾ ਗੰਭੀਰ ਜ਼ਖ਼ਮੀ ਹੋ ਗਿਆ। ਮ੍ਰਿਤਕ ਦੇ ਪਿਤਾ ਅਕਾਸ਼ਦੀਪ ਨੇ ਤਲਵਾੜਾ ਪੁਲੀਸ ਨੂੰ ਦੱਸਿਆ ਕਿ ਕੱਲ੍ਹ ਉਸ ਦੇ ਲੜਕੇ ਓਮ ਤੇ ਚਿਰਾਗ ਤਲਵਾੜਾ ਬਾਜ਼ਾਰ ਤੋਂ ਪਿੰਡ ਨਮੋਲੀ ਹਾਰ ਨੂੰ ਜਾ ਰਹੇ ਸਨ। ਓਮ ਮੋਟਰਸਾਈਕਲ ਚਲਾ ਰਿਹਾ ਸੀ ਤੇ ਚਿਰਾਗ ਪਿੱਛੇ ਬੈਠਾ ਹੋਇਆ ਸੀ। ਉਹ ਖ਼ੁਦ ਉਨ੍ਹਾਂ ਦੇ ਪਿੱਛੇ ਕਾਰ ’ਤੇ ਪਿੰਡ ਨੂੰ ਜਾ ਰਿਹਾ ਸੀ। ਸਥਾਨਕ ਰਾਕ ਗਾਰਡਨ ਕੋਲ਼ ਸਾਹਮਣਿਓਂ ਆਏ ਟਰੈਕਟਰ ਟਰਾਲੀ ਚਾਲਕ ਨੇ ਗਲ਼ਤ ਪਾਸੇ ਆ ਕੇ ਮੋਟਰਸਾਈਕਲ ਨੂੰ ਟੱਕਰ ਮਾਰ ਦਿੱਤੀ। ਹਾਦਸੇ ’ਚ ਦੋਵੇਂ ਭਰਾ ਗੰਭੀਰ ਰੂਪ ’ਚ ਜ਼ਖ਼ਮੀ ਹੋ ਗਏ। ਉਨ੍ਹਾਂ ਨੂੰ ਇਲਾਜ ਲਈ ਜਲੰਧਰ ਦੇ ਪ੍ਰਾਈਵੇਟ ਹਸਪਤਾਲ ਲਿਜਾਇਆ ਗਿਆ ਜਿੱਥੇ ਇਲਾਜ ਦੌਰਾਨ ਚਿਰਾਗ ਦੀ ਮੌਤ ਹੋ ਗਈ ਜਦੋਂਕਿ ਓਮ ਜ਼ੇਰੇ ਇਲਾਜ ਹੈ। ਤਲਵਾੜਾ ਪੁਲੀਸ ਨੇ ਅਕਾਸ਼ਦੀਪ ਦੇ ਬਿਆਨਾਂ ’ਤੇ ਅਣਪਛਾਤੇ ਖ਼ਿਲਾਫ਼ ਕੇਸ ਦਰਜ ਕਰ ਕੇ ਅਗਲੇਰੀ ਕਾਰਵਾਈ ਆਰੰਭ ਦਿੱਤੀ ਹੈ।